ਕਿੱਲਿਆਂਵਾਲੀ: ਬਾਦਲਾਂ ਦੇ ਗੜ੍ਹ ਵਿੱਚ ਕਾਂਗਰਸ ਦੀ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਹੀ ਨਿਸ਼ਾਨੇ 'ਤੇ ਰਿਹਾ। ਰੈਲੀ 'ਤੇ ਬੇਅਦਬੀ ਮਾਮਲਾ ਹੀ ਭਾਰੂ ਰਿਹਾ ਤੇ ਕਾਂਗਰਸੀ ਲੀਡਰਾਂ ਨੇ ਅਕਾਲੀ ਦਲ ਨੂੰ ਘੇਰਦਿਆਂ ਭਾਵੁਕ ਤੀਰ ਛੱਡੇ। ਇਸ ਦੇ ਨਾਲ ਹੀ ਕਾਂਗਰਸ ਨੇ ਬਾਦਲਾਂ ਦੀ ਸਿਆਸੀ ਘੇਰਾਬੰਦੀ ਕਰਦਿਆਂ 2019 ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦਾ ਆਗਾਜ਼ ਕੀਤਾ। ਖਾਸ ਗੱਲ ਇਹ ਰਹੀ ਕਿ ਬਾਦਲਾਂ ਨੂੰ ਹਰ ਗੱਲ਼ 'ਤੇ ਘੇਰਨ ਵਾਲੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਰੈਲੀ ਵਿੱਚ ਨਹੀਂ ਪਹੁੰਚੇ।

 

ਕਾਂਗਰਸੀ ਲੀਡਰਾਂ ਨੇ ਕਿਹਾ ਕਿ ਕਾਂਗਰਸੀ ਰੈਲੀ ਪਾਰਟੀ ਕਾਡਰ ਦਾ ਉਤਸ਼ਾਹ ਵਧਾਉਣ ਤੇ ਲੋਕ ਸਭਾ ਚੋਣਾਂ ਲਈ ਪ੍ਰਚਾਰ ਦੀ ਸ਼ੁਰੂਆਤ ਵਜੋਂ ਕੀਤੀ ਜਾ ਰਹੀ ਹੈ। ਉਨ੍ਹਾਂ ਇੱਛਾ ਪ੍ਰਗਟਾਈ ਕਿ ਕਾਂਗਰਸ ਅਗਲੇ 10 ਸਾਲਾਂ ਤੱਕ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੀ ਸੇਵਾ ਕਰਨ। ਕਾਂਗਰਸੀ ਲੀਡਰਾਂ ਨੇ ਦਾਅਵਾ ਕੀਤਾ ਕਿ ਸੁਖਬੀਰ ਬਾਦਲ ਦੀ ਕਾਰਗੁਜ਼ਾਰੀ ਕਰਕੇ ਅੱਜ ਅਕਾਲੀ ਦਲ ਖ਼ਤਮ ਹੋ ਚੁੱਕਿਆ ਹੈ ਤੇ ਪ੍ਰਕਾਸ਼ ਸਿੰਘ ਬਾਦਲ ਆਪਣੇ ਪੁੱਤਰ ਦੀ ਸਿਆਸੀ ਹੋਂਦ ਤੇ ਕੁਰਸੀ ਬਚਾਉਣ ਲਈ ਜੂਝ ਰਹੇ ਹਨ।

ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਿਹਤ ਦਾ ਹਵਾਲਾ ਦੇ ਕੇ ਵਿਧਾਨ ਸਭਾ ਸੈਸ਼ਨ ਵਿੱਚ ਨਹੀਂ ਜਾਂਦੇ ਸੀ ਪਰ ਹੁਣ ਸਿਆਸੀ ਸਾਖ ਬਚਾਉਣ ਲਈ ਘਰ-ਘਰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ’ਚ ਕੋਈ ਵੀ ਆਗੂ ਸੁਖਬੀਰ ਬਾਦਲ ਨੂੰ ਆਪਣਾ ਲੀਡਰ ਮੰਨਣ ਲਈ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ’ਚ ਸੁਖਬੀਰ ਬਾਦਲ ਦਾ ਵੱਡਾ ਰੋਲ ਹੈ ਤੇ ਉਸ ਨੂੰ ਅਜੇ ਹੋਰ ਸਜ਼ਾ ਮਿਲਣੀ ਹੈ।