ਜਲੰਧਰ: ਪੰਜਾਬ ਪੁਲਿਸ ਦੇ ਦੋ ਸਿਪਾਹੀਆਂ ਨੂੰ ਬਿਹਾਰ ਪੁਲਿਸ ਨੇ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਬਿਹਾਰ ਪੁਲਿਸ ਦੀ ਪੁੱਛਗਿਛ ਵਿੱਚ ਦੋਵਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਨਿਸ਼ਾਨੇ 'ਤੇ ਐਸ.ਐਚ.ਓ. ਨਵਦੀਪ ਸਿੰਘ ਸੀ। ਇਹ ਦੋਵੇਂ ਇੰਸਪੈਕਟਰ ਤੋਂ ਆਪਣੇ ਵਿਰੁੱਧ ਹੋਈ ਕਾਰਵਾਈ ਦਾ ਬਦਲਾ ਲੈਣਾ ਚਾਹੁੰਦੇ ਸਨ।
ਕਰੀਬ ਛੇ ਮਹੀਨੇ ਪਹਿਲਾਂ ਪੰਜਾਬ ਪੁਲਿਸ ਦੇ ਕਾਂਸਟੇਬਲ ਜਸਵਿੰਦਰ ਦਾ ਨਸ਼ਾ ਕਰਦੇ ਦਾ ਵੀਡੀਓ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਉਸ ਦੀ ਪੜਤਾਲ ਚੱਲੀ ਅਤੇ ਉਸ ਨੂੰ ਟਰਾਂਸਫਰ ਕਰ ਦਿੱਤਾ ਗਿਆ ਸੀ। ਉਸ ਦੀ ਰਿਪੋਰਟ ਥਾਣਾ ਇੱਕ ਦੇ ਐਸ.ਐਚ.ਓ. ਨਵਦੀਪ ਸਿੰਘ ਨੇ ਬਣਾਈ ਸੀ।
ਥਾਣਾ ਨੰਬਰ-1 ਦਾ ਇੱਕ ਹੋਰ ਮੁਲਾਜ਼ਮ ਨਵਦੀਪ ਇੱਕ ਵਾਰ ਫਿਰੌਤੀ ਦੇ ਮਾਮਲੇ ਵਿੱਚ ਫੜਿਆ ਗਿਆ ਸੀ। ਇਸ ਨੂੰ ਵੀ ਐਸ.ਐਚ.ਓ. ਨਵਦੀਪ ਸਿੰਘ ਨੇ ਹੀ ਫੜਿਆ ਸੀ।
ਪੁਲਿਸ ਨੇ ਇਨ੍ਹਾਂ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਸਾਹਿਬ ਦੇ ਇੱਕ ਗੁਰਦੁਆਰੇ ਤੋਂ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਨੇ ਬੰਦੂਕਾਂ ਖਰੀਦ ਲਈਆਂ ਸਨ ਤੇ ਗੋਲੀਆਂ ਮਿਲਣ ਦਾ ਇੰਤਜ਼ਾਰ ਕਰ ਰਹੇ ਸਨ ਕਿ ਪੁਲਿਸ ਅੜਿੱਕੇ ਆ ਗਏ।
ਐਸ.ਐਚ.ਓ. ਨਵਦੀਪ ਨੇ ਕਿਹਾ,"ਮੇਰੀ ਰਿਪੋਰਟ ਦੇ ਅਧਾਰ 'ਤੇ ਜਸਵਿੰਦਰ ਦਾ ਟਰਾਂਸਫਰ ਹੋਇਆ ਸੀ। ਦੂਜਾ ਮੁਲਾਜ਼ਮ ਬੰਟੀ ਹੈ। ਉਹ ਪੀਸੀਆਰ ਵਿੱਚ ਮੁਲਾਜ਼ਮ ਸੀ। ਲੜਾਈ-ਝਗੜੇ ਦੇ ਕੇਸ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਸੀ। ਇਸ ਦਾ ਇੱਕ ਸਾਥੀ ਵੀ ਫੜਿਆ ਗਿਆ ਸੀ।"
ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾ ਨੂੰ ਲਗਦਾ ਸੀ ਕਿ ਮੇਰੇ ਕਰ ਕੇ ਇਨ੍ਹਾਂ 'ਤੇ ਐਕਸ਼ਨ ਹੋਇਆ ਹੈ। ਅਸੀਂ ਇਨਾਂ ਨੂੰ ਰਿਮਾਂਡ 'ਤੇ ਪੰਜਾਬ ਲਿਆਵਾਂਗੇ ਤਾਂ ਜੋ ਸਭ ਸਾਹਮਣੇ ਆ ਸਕੇ। ਐਸ.ਐਚ.ਓ. ਨਵਦੀਪ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਸਾਜ਼ਿਸ਼ ਇੱਕ ਹੋਰ ਬੰਦੇ ਨੂੰ ਮਾਰਨਾ ਸੀ ਜੋ ਕਿ ਜੇਲ੍ਹ ਵਿੱਚ ਹੈ। ਉਸ ਬਾਰੇ ਅਜੇ ਪੂਰਾ ਪਤਾ ਨਹੀਂ ਚਲ ਸਕਿਆ ਹੈ।