ਚੰਡੀਗੜ੍ਹ: ਪੰਜਾਬ 'ਚ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹਰ ਵਾਰ ਵਿਸ਼ਵ ਕਬੱਡੀ ਕੱਪ ਹੁੰਦਾ ਸੀ ਪਰ ਕੈਪਟਨ ਸਰਕਾਰ ਨੇ ਇਸ ਤੋਂ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤ ਵਿਸ਼ੇਸ਼ ਤੌਰ 'ਤੇ ਸੁਖਬੀਰ ਬਾਦਲ ਵੱਲੋਂ ਕੀਤੀ ਗਈ ਸੀ ਕਿਉਂਕਿ ਸੁਖਬੀਰ ਬਾਦਲ ਪੰਜਾਬ ਦੇ ਖੇਡ ਮੰਤਰੀ ਵੀ ਰਹੇ ਹਨ।
ਹੁਣ ਇਕ ਵਾਰ ਫੇਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਗਲੇ ਸਾਲ ਤੋਂ ਵਿਸ਼ਵ ਕਬੱਡੀ ਕੱਪ ਫਿਰ ਤੋਂ ਸ਼ੁਰੂ ਕਰਵਾਏਗਾ। ਉਨ੍ਹਾਂ ਕਿਹਾ ਕਿ ਕਬੱਡੀ ਨੂੰ ਅਕਾਲੀ-ਭਾਜਪਾ ਸਰਕਾਰ ਸਮੇਂ ਕੱਖਾਂ ਤੋਂ ਲੱਖਾਂ ਅਤੇ ਲੱਖਾਂ ਤੋਂ ਕਰੋੜਾਂ ਦੀ ਬਣਾ ਦਿੱਤਾ ਸੀ ਪਰ ਮੌਜੂਦਾ ਸਰਕਾਰ ਵਿਸ਼ਵ ਕਬੱਡੀ ਕੱਪ ਕਰਾਉਣ ਤੋਂ ਭੱਜ ਗਈ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਤੌਰ ਉੱਤੇ ਵਿਸ਼ਵ ਕੱਪ ਕਰਾਉਣ ਲਈ ਸਮੁੱਚੇ ਪੰਜਾਬੀਆਂ ਦਾ ਸਹਿਯੋਗ ਲਵੇਗਾ। ਦੱਸਣਯੋਗ ਹੈ ਕਿ "ਵਿਸ਼ਵ ਕਬੱਡੀ ਕੱਪ" 'ਚ ਹਰ ਕੈਂਪ 'ਚ ਡੋਪ ਟੈਸਟ ਕਰਾਏ ਜਾਂਦੇ ਸਨ। ਨੈਸ਼ਨਲ ਡੋਪਿੰਗ ਏਜੰਸੀ ਨਾਡਾ ਨੂੰ ਬਕਾਇਦਾ ਸੱਦਾ ਦਿੱਤਾ ਜਾਂਦਾ ਸੀ। ਇਸ ਕੱਪ ਦੀ ਚੋਣ ਲਈ ਖਿਡਾਰੀਆਂ ਦੇ ਬਕਾਇਦਾ ਤੌਰ 'ਤੇ ਟਰਾਇਲ ਵੀ ਲਏ ਜਾਂਦੇ ਸਨ ਤੇ ਉਸੇ ਅਧਾਰ 'ਤੇ ਉਨ੍ਹਾਂ ਦੀ ਚੋਣ ਕੀਤੀ ਜਾਂਦੀ ਸੀ।