ਚੰਡੀਗੜ੍ਹ: ਪਿਛਲੇ ਲੰਬੇ ਸਮੇਂ ਤੋਂ ਪਨਬਸ ਯੂਨੀਅਨ ਦੇ ਮੁਲਾਜ਼ਮਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਸੂਬਾ ਸਰਕਾਰ ਮੁਲਾਜ਼ਮਾਂ ਨੂੰ ਮੀਟਿੰਗਾਂ ਦਾ ਭਰੋਸਾ ਦੇ ਉਨ੍ਹਾਂ ਨਾਲ ਟਾਲਮਟੋਲ ਕਰ ਰਹੀ ਹੈ। ਕੁਝ ਦਿਨ ਪਹਿਲਾਂ ਹੀ ਪਨਬਸ ਦੇ ਵਰਕਰਾਂ ਨੇ ਸੂਬੇ ‘ਚ ਤਿੰਨ ਦਿਨੀਂ ਹੜਤਾਲ ਕੀਤੀ ਸੀ। ਇਸ ਦੌਰਾਨ ਉਨ੍ਹਾਂ ਦੀ ਸੂਬਾ ਮੰਤਰੀ ਰਜ਼ੀਆ ਸੁਲਤਾਨਾ ਨਾਲ ਬੈਠਕ ਬੇਨਤੀਜਾ ਰਹੀ।

ਇਸ ਵਾਰ ਪਨਬਸ ਮੁਲਜ਼ਮਾਂ ਵੱਲੋਂ ਆਰ-ਪਾਰ ਦੀ ਲੜਾਈ ਦਾ ਫੈਸਲਾ ਕੀਤਾ ਗਿਆ ਹੈ। ਪਨਬਸ ਯੂਨੀਅਨ ਦੇ ਲੀਡਰਾਂ ਦਾ ਕਹਿਣਾ ਹੈ ਕਿ ਉਹ 22 ਜੁਲਾਈ ਨੂੰ ਪੂਰੇ ਸੂਬੇ ਦੇ ਡਿਪੂਆਂ ‘ਚ ਗੇਟ ਰੈਲੀਆਂ ਕਰਨਗੇ। ਇਸ ਤੋਂ ਬਾਅਦ 2 ਅਗਸਤ ਨੂੰ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ‘ਚ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਇਸ ਦੇ ਨਾਲ ਹੀ ਪੂਰੇ ਸੂਬੇ ‘ਚ ਦੋ ਘੰਟੇ ਲਈ ਬੱਸ ਸਟੈਂਡ ਬੰਦ ਰੱਖੇ ਜਾਣਗੇ।

ਯੂਨੀਅਨ ਦਾ ਕਹਿਣਾ ਹੈ ਕਿ ਜੇਕਰ ਇਸ ਤੋਂ ਬਾਅਦ ਵੀ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਹ 14,15 ਤੇ 16 ਅਗਸਤ ਨੂੰ ਪੂਰੇ ਸੂਬੇ ‘ਚ ਹੜਤਾਲ ਕਰਨਗੇ। 15 ਅਗਸਤ ਨੂੰ ਜਿੱਥੇ ਸਾਰੇ ਦੇਸ਼ ‘ਚ ਆਜ਼ਾਦੀ ਦਿਹਾੜਾ ਮਨਾਇਆ ਜਾਵੇਗਾ, ਉੱਥੇ ਉਹ ਲੋਕ ਕਾਲੇ ਕੱਪੜੇ ਪਾ ਕੇ ਰੋਸ਼ ਜ਼ਾਹਿਰ ਕਰਨਗੇ।

ਮੁਲਾਜ਼ਮਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਇੰਨਾ ਕੁਝ ਕਰਨ ਤੋਂ ਬਾਅਦ ਵੀ ਸੂਬਾ ਸਰਕਾਰ ਨੇ ਉਨ੍ਹਾਂ ਦੀਆਂ ਗੱਲਾਂ ਨਾ ਮੰਨੀਆਂ ਤਾਂ ਉਹ ਸਰਕਾਰ ਖਿਲਾਫ ਕੋਈ ਵੱਡਾ ਐਕਸ਼ਨ ਲੈਣਗੇ।