ਚੰਡੀਗੜ੍ਹ: ਕਿਸਾਨਾਂ ਵਿੱਚ ਚਰਚਾ ਹੈ ਕਿ ਖੇਤੀ ਕਾਨੂੰਨਾਂ ਦਾ ਅਸਰ ਸ਼ੁਰੂ ਹੋ ਗਿਆ ਹੈ। ਦੂਜੇ ਸੂਬਿਆਂ ਦਾ ਝੋਨਾ ਧੜਾਧੜ ਪੰਜਾਬ ਆਉਣ ਲੱਗਾ ਹੈ। ਕਿਸਾਨ ਯੂਨੀਅਨਾਂ ਤੇ ਪੁਲਿਸ ਨੇ ਹਰਿਆਣਾ ਨਾਲ ਲੱਗਦੀਆਂ ਹੱਦਾਂ ਘੇਰੀਆਂ ਹੋਈਆਂ ਹਨ। ਹੋਰਨਾਂ ਰਾਜਾਂ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਝੋਨਾ ਪੰਜਾਬ ਲਿਆਉਣ ਵਾਲਿਆਂ ਵਿਰੁੱਧ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਦੋ ਦਿਨਾਂ ਦੌਰਾਨ ਪੰਜਾਬ ਪੁਲਿਸ ਨੇ ਇਸ ਸਬੰਧੀ 13 ਐਫ਼ਆਈਆਰ ਦਰਜ ਕਰਦਿਆਂ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ 8,225 ਟਨ ਝੋਨੇ ਨਾਲ ਲੱਦੇ 32 ਟਰੱਕ ਆਪਣੇ ਕਬਜ਼ੇ ’ਚ ਲਏ ਹਨ।

ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪੰਜਾਬ–ਹਰਿਆਣਾ ਦੀ ਸੀਮਾ ਨਾਲ ਲੱਗਦੇ ਪਟਿਆਲਾ ਜ਼ਿਲ੍ਹੇ ਦੇ ਇਲਾਕਿਆਂ ਸ਼ੰਭੂ, ਪੇਹੋਵਾ, ਬਲਬੇੜਾ, ਚੀਕਾ, ਢਾਬੀ ਗੁੱਜਰਾਂ ਤੇ ਪਾਤੜਾਂ ’ਚ ਕਈ ਨਾਕੇ ਲਾ ਕੇ ਟਰੱਕਾਂ ਉੱਤੇ ਚੌਕਸ ਨਜ਼ਰ ਰੱਖੀ ਜਾ ਰਹੀ ਹੈ। ਪੰਜਾਬ ’ਚ ਝੋਨੇ ਦੀ ਇਸ ਗ਼ੈਰ-ਕਾਨੂੰਨੀ ਆਮਦ ਨੂੰ ਠੱਲ੍ਹ ਪਾਉਣ ਲਈ ਪੰਜਾਬ ਪੁਲਿਸ ਦੀਆਂ ਟੀਮਾਂ ਨੂੰ ਮਾਲ ਵਿਭਾਗ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੋਰਨਾਂ ਸੂਬਿਆਂ ਤੋਂ ਝੋਨਾ ਸਸਤੇ ਭਾਅ ਖ਼ਰੀਦ ਕੇ ਪੰਜਾਬ ’ਚ ਮਹਿੰਗੀ ਕੀਮਤ ’ਤੇ ਵੇਚਿਆ ਜਾਂਦਾ ਹੈ। ਇੰਝ ਵਪਾਰੀ ਚੋਖਾ ਮੁਨਾਫ਼ਾ ਕਮਾਉਂਦੇ ਰਹੇ ਹਨ। ਇਸ ਨਾਲ ਨਾ ਕੇਵਲ ਸਰਕਾਰ ਦੇ ਖ਼ਜ਼ਾਨੇ ’ਤੇ ਬੋਝ ਪੈਂਦਾ ਹੈ, ਸਗੋਂ ਪੰਜਾਬ ਦੇ ਕਿਸਾਨਾਂ ਦਾ ਵੀ ਅਸਿੱਧੇ ਤੌਰ ਉੱਤੇ ਬਹੁਤ ਨੁਕਸਾਨ ਹੋ ਜਾਂਦਾ ਹੈ। ਬਹੁਤ ਸਾਰੇ ਟਰੱਕ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਝੋਨਾ ਲਿਆ ਰਹੇ ਹਨ।

ਉਧਰ, ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਅਧਿਕਾਰੀ ਝੋਨੇ ਦੀ ਗ਼ੈਰ-ਕਾਨੂੰਨੀ ਆਮਦ ਨੂੰ ਰੋਕਣ ਲਈ ਕੁਝ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿੱਚ ਕੇਵਲ ਪੰਜਾਬ ’ਚ ਪੈਦਾ ਹੋਇਆ ਝੋਨਾ ਹੀ ਵੇਚਿਆ ਜਾ ਸਕਦਾ ਹੈ। ਖ਼ਰੀਦਦਾਰ ਨੂੰ ਹਰੇਕ ਖ਼ਰੀਦ ਉੱਤੇ ਮਾਰਕਿਟ ਕਮੇਟੀ ਨੂੰ ਫ਼ੀਸ ਅਦਾ ਕਰਨੀ ਪੈਂਦੀ ਹੈ ਤੇ ਇੰਝ ਹੀ ਸਰਾਸਰ ਟੈਕਸ ਚੋਰੀ ਦਾ ਮਾਮਲਾ ਬਣਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਉੱਤਰ ਪ੍ਰਦੇਸ਼, ਬਿਹਾਰ ਤੇ ਰਾਜਸਥਾਨ ਜਿਹੇ ਰਾਜਾਂ ਵਿੱਚ ਝੋਨਾ 900 ਤੋਂ 1,000 ਰੁਪਏ ਪ੍ਰਤੀ ਕੁਇੰਟਲ ਹੈ, ਜਦਕਿ ਪੰਜਾਬ ਵਿੱਚ ਇਸ ਦਾ ਘੱਟੋ-ਘੱਟ ਸਮਰਥਨ ਮੁੱਲ 1,888 ਰੁਪਏ ਫ਼ੀ ਕੁਇੰਟਲ ਹੈ। ਦੂਜੇ ਰਾਜਾਂ ਤੋਂ ਝੋਨਾ ਲਿਆਉਣ ਵਾਲਿਆਂ ਨੂੰ ਮਾਲ-ਭਾੜਾ ਲਾ ਕੇ ਇਹ 1,150 ਰੁਪਏ ਫ਼ੀ ਕੁਇੰਟਲ ਪੈਂਦਾ ਹੈ। ਇੰਝ ਉਹ ਹਰੇਕ ਕੁਇੰਟਲ ਪਿੱਛੇ 700 ਰੁਪਏ ਦਾ ਮੁਨਾਫ਼ਾ ਕਮਾ ਰਹੇ ਹਨ।