Punjab News: ਯੂਕੇ ਸਰਕਾਰ ਨੇ ਅਵਤਾਰ ਸਿੰਘ ਖੰਡਾ ਦੀ ਮਾਤਾ ਚਰਨਜੀਤ ਕੌਰ ਅਤੇ ਭੈਣ ਜਸਪ੍ਰੀਤ ਕੌਰ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਦੋਵੇਂ ਅਵਤਾਰ ਸਿੰਘ ਖੰਡਾ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਯੂਕੇ ਜਾਣਾ ਚਾਹੁੰਦੇ ਸਨ। ਇਸ ਨੂੰ ਲੈ ਕੇ ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੰਗਲੈਂਡ ਦੇ ਸਿੱਖਾਂ, ਗੁਰਦਵਾਰਾ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਨੂੰ ਇੰਗਲੈਂਡ ਸਰਕਾਰ ਨਾਲ ਗੱਲ ਕਰਨ ਦੀ ਅਪੀਲ ਕੀਤੀ ਹੈ।


ਇਸ ਨੂੰ ਲੈ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹਰੇਕ ਮਰਨ ਵਾਲੇ ਦਾ ਅੰਤਿਮ ਸੰਸਕਾਰ ਉਸਦੇ ਘਰ ਦਿਆ ਦੀ ਹਾਜ਼ਰੀ ਵਿਚ ਹੋਣ ਦੇਣਾ ਉਸ ਮਰੇ ਹੋਏ ਬੰਦੇ ਦਾ ਵੀ ਆਖਰੀ ਹੱਕ ਹੈ। ਭਾਈ ਅਵਤਾਰ ਸਿੰਘ ਖੰਡੇ ਦੀ ਮਾਤਾ ਤੇ ਭੈਣ ਨੂੰ ਉਸਦੇ ਅੰਤਿਮ ਸੰਸਕਾਰ ਲਈ ਵੀਜ਼ਾ ਨਾ ਦੇਣਾ ਇਸ ਅਧਿਕਾਰ ਦੀ ਉਲੰਘਣਾ ਹੈ। ਕੋਈ ਦੁਸ਼ਮਣ ਵੀ ਹੋਵੇ ਤਾਂ ਉਸਦੇ ਰੀਤੀ ਰਿਵਾਜਾਂ ਅਤੇ ਟੱਬਰ ਦੀ ਹਾਜ਼ਰੀ ਵਿੱਚ ਉਸਦਾ ਸਸਕਾਰ ਹੋਣ ਦੇਣਾ ਹੀ ਇੱਕ ਸੱਭਿਅਕ ਰਾਜ ਦੀ ਨਿਸ਼ਾਨੀ ਹੁੰਦੀ। ਇਸ ਬਾਰੇ ਇੰਗਲੈਂਡ ਦੇ ਸਿੱਖਾਂ, ਗੁਰਦਵਾਰਾ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਨੂੰ ਇੰਗਲੈਂਡ ਸਰਕਾਰ ਨਾਲ ਜਰੂਰ ਗੱਲ ਕਰਨੀ ਚਾਹੀਦੀ ਹੈ।



ਦੱਸ ਦਈਏ ਕਿ ਅਵਤਾਰ ਸਿੰਘ ਖੰਡਾ ਦੀ ਭੈਣ ਜਸਪ੍ਰੀਤ ਕੌਰ ਨੇ 15 ਜੂਨ ਨੂੰ ਬਲੱਡ ਕੈਂਸਰ ਨਾਲ ਪੀੜਤ ਖੰਡਾ ਦੀ ਬਰਮਿੰਘਮ ਸਿਟੀ ਹਸਪਤਾਲ ਵਿੱਚ ਮੌਤ ਹੋ ਜਾਣ ਤੋਂ ਬਾਅਦ ਉਸ ਦੀ ਦੇਹ ਭਾਰਤ ਲਿਆਉਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਉਨ੍ਹਾਂ ਨੇ ਮੰਗ ਕੀਤੀ ਸੀ ਕਿ ਮੋਗਾ 'ਚ ਸਸਕਾਰ ਕਰਕੇ ਉਸ ਦੇ ਭਰਾ ਦੀ ਆਖਰੀ ਇੱਛਾ ਪੂਰੀ ਕੀਤੀ ਜਾਵੇ।


ਇਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਅਵਤਾਰ ਸਿੰਘ ਉਰਫ਼ ਖੰਡਾ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਮੰਗ ਵਾਲੀ ਪਟੀਸ਼ਨ ’ਤੇ ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ। ਪਟੀਸ਼ਨ 'ਤੇ ਜਵਾਬ ਦਿੰਦਿਆਂ ਕੇਂਦਰ ਸਰਕਾਰ ਨੇ ਕਿਹਾ ਕਿ ਉਨ੍ਹਾਂ ਕੋਲ ਅਵਤਾਰ ਸਿੰਘ ਉਰਫ਼ ਖੰਡਾ ਦੀ ਭਾਰਤੀ ਨਾਗਰਿਕਤਾ ਦਾ ਕੋਈ ਸਬੂਤ ਜਾਂ ਦਸਤਾਵੇਜ਼ ਨਹੀਂ ਹੈ।


ਜ਼ਿਕਰ ਕਰ ਦਈਏ ਕਿ ਅਵਤਾਰ ਸਿੰਘ ਖੰਡਾ ਦੀ ਪਿਛਲੇ ਮਹੀਨੇ 15 ਜੂਨ ਨੂੰ ਲੰਡਨ, ਇੰਗਲੈਂਡ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ। ਕਿਹਾ ਜਾ ਰਿਹਾ ਸੀ ਕਿ ਉਸ ਦੀ ਮੌਤ ਕੈਂਸਰ ਕਾਰਨ ਹੋਈ ਸੀ ਪਰ ਇਹ ਵੀ ਚਰਚਾ ਸੀ ਕਿ ਉਸ ਦੇ ਸਰੀਰ ਵਿਚ ਜ਼ਹਿਰ ਪਾਇਆ ਗਿਆ ਸੀ, ਜਿਸ ਦਾ ਟੀਕਾ ਉਸ ਦੇ ਸਰੀਰ ਵਿਚ ਲਾਇਆ ਗਿਆ ਸੀ।