ਚੰਡੀਗੜ੍ਹ: ਕਾਂਗਰਸ ਸਰਕਾਰ ਨੇ ਧਾਰਮਿਕ ਲੀਡਰਾਂ ਦੀ ਸੁਰੱਖਿਆ ਛੱਤਰੀ ਛਾਂਗਣੀ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਪਹਿਲਾ ਝਟਕਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਦਿੰਦਿਆਂ ਉਨ੍ਹਾਂ ਨਾਲ ਤਾਇਨਾਤ ਸੁਰੱਖਿਆ ਅਮਲੇ ਦੀ ਗਿਣਤੀ ਘਟਾ ਕੇ ਸਿਰਫ ਦੋ ਕਰ ਦਿੱਤੀ ਹੈ। ਇਸ ਤੋਂ ਬਾਅਦ ਹੋਰ ਧਾਰਮਿਕ ਲੀਡਰਾਂ ਦੀ ਸੁਰੱਖਿਆ ਛੱਤਰੀ ਘਟਾਈ ਜਾ ਸਕਦੀ ਹੈ।

ਪੰਜਾਬ ਪੁਲਿਸ ਨੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨਾਲ ਸੁਰੱਖਿਆ ਅਮਲੇ ਦੇ ਕੇਵਲ ਦੋ ਮੁਲਾਜ਼ਮ ਤਾਇਨਾਤ ਕੀਤੇ ਹਨ ਜਦਕਿ ਇਸ ਤਖ਼ਤ ਦੇ ਪੁਰਾਣੇ ਜਥੇਦਾਰ ਨਾਲ ਜਿੱਥੇ ਦੋ ਪਾਇਲਟ ਜਿਪਸੀਆਂ ਜਾਂ ਜੀਪਾਂ ਚੱਲਦੀਆਂ ਸੀ, ਉੱਥੇ ਕਰੀਬ ਇੱਕ ਦਰਜਨ ਸੁਰੱਖਿਆ ਮੁਲਾਜ਼ਮਾਂ ਦਾ ਦਸਤਾ ਵੀ ਤਾਇਨਾਤ ਹੁੰਦਾ ਸੀ।

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਣੇ ਤਖ਼ਤ ਦਮਦਮਾ ਸਾਹਿਬ ਦੇ ਨਵ ਨਿਯੁਕਤ ਜਥੇਦਾਰ ਨਾਲ ਪਹਿਲਾਂ ਵਾਲੀ ਤਰਜ਼ ’ਤੇ ਹੀ ਸੁਰੱਖਿਆ ਅਮਲਾ ਤਾਇਨਾਤ ਹੈ। ਪਤਾ ਲੱਗਾ ਹੈ ਕਿ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਸੁਰੱਖਿਆ ਛੱਤਰੀ ਦੀ ਸਮੀਖਿਆ ਤੋਂ ਮਗਰੋਂ ਇਨ੍ਹਾਂ ਦੀ ਸੁਰੱਖਿਆ ਵੀ ਘਟਾਈ ਜਾ ਸਕਦੀ ਹੈ। ਸ਼੍ਰੋਮਣੀ ਕਮੇਟੀ ਨੇ ਆਪਣੇ ਵੱਲੋਂ ਵੀ ਜਥੇਦਾਰ ਨਾਲ ਮੁਲਾਜ਼ਮਾਂ ਦਾ ਇੱਕ ਦਸਤਾ ਲਾਇਆ ਹੋਇਆ ਹੈ।

ਉਧਰ, ਗਿਆਨੀ ਰਘੁਬੀਰ ਸਿੰਘ ਇਸ ਤੋਂ ਖਫਾ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਪੰਜਾਬ ਪੁਲਿਸ ਦੇ ਡੀਜੀਪੀ (ਸੁਰੱਖਿਆ) ਨੂੰ ਈਮੇਲ ਰਾਹੀਂ ਤੇ ਜ਼ਿਲ੍ਹਾ ਪੁਲਿਸ ਮੁਖੀ, ਡੀਐਸਪੀ ਤੇ ਐਸਐਚਓ ਸ੍ਰੀ ਆਨੰਦਪੁਰ ਸਾਹਿਬ ਨੂੰ ਲਿਖਤੀ ਬੇਨਤੀ ਕੀਤੀ ਹੈ ਪਰ ਪੁਲਿਸ ਪ੍ਰਸ਼ਾਸਨ ਇਸ ਪਾਸੇ ਧਿਆਨ ਨਹੀਂ ਦੇ ਰਿਹਾ।

ਡੀ.ਐਸ.ਪੀ. ਸ੍ਰੀ ਆਨੰਦਪੁਰ ਸਾਹਿਬ ਰਮਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਪੁਰਾਣੇ ਜਥੇਦਾਰ ਕੋਲ ਵੱਧ ਸੁਰੱਖਿਆ ਇਸ ਕਰਕੇ ਸੀ ਕਿਉਂਕਿ ਉਸ ਵੇਲੇ ਡੇਰਾ ਵਿਵਾਦ ਚੱਲ ਰਿਹਾ ਸੀ ਜਦਕਿ ਹੁਣ ਅਜਿਹੀ ਕੋਈ ਵੀ ਗੱਲ ਨਹੀਂ ਹੈ। ਇਸ ਲਈ ਸੁਰੱਖਿਆ ਘਟਾ ਕੇ ਸਿਰਫ ਦੋ ਮੁਲਾਜ਼ਮਾਂ ਤੱਕ ਸੀਮਤ ਕਰ ਦਿੱਤੀ ਗਈ ਹੈ।