ਮੋਗਾ: ਹੌਸਲੇ ਬੁਲੰਦ ਹੋਣ ਤਾਂ ਦੁਨੀਆਂ ’ਚ ਹਰ ਚੀਜ਼ ਹਾਸਲ ਹੋ ਜਾਂਦੀ ਹੈ। ਅਜਿਹਾ ਹੀ ਕੁਝ ਇੱਥੇ ਪਿੰਡਾਂ ਦੇ ਸਰਕਾਰੀ ਸਕੂਲਾਂ ’ਚ ਪੜ੍ਹੀ ਦਿਹਾੜੀਦਾਰ ਕਾਮੇ ਦੀ ਧੀ ਨੇ ਕਰ ਦਿਖਾਇਆ ਹੈ। ਉਸ ਨੇ ਪੰਜਾਬ ਸਿਵਲ ਸਰਵਿਸਿਜ ਜੁਡੀਸ਼ੀਅਲ ਪੇਪਰ ਵਿੱਚ ਰਾਖਵੇਂ ਕੋਟੇ ’ਚੋਂ ਜੱਜ ਬਣਨ ’ਚ ਸਫ਼ਲਤਾ ਹਾਸਲ ਕੀਤੀ ਹੈ।


ਪਿੰਡ ਮਹਿਣਾ ਦੇ ਮੁਸਲਮਾਨ ਪਰਿਵਾਰ ਦੀ ਵਕੀਲਾਂ ਬੀਬੀ ਨੇ ਪਹਿਲੀ ਜਮਾਤ ਤੋਂ 10ਵੀਂ ਜਮਾਤ ਦੀ ਪੜ੍ਹਾਈ ਆਪਣੇ ਪਿੰਡ ਤੇ 11ਵੀਂ ਜਮਾਤ ਦੀ ਪੜ੍ਹਾਈ ਨੇੜਲੇ ਪਿੰਡ ਨੱਥੂਵਾਲਾ ਜਦੀਦ ਦੇ ਸਰਕਾਰੀ ਸਕੂਲ ’ਚੋਂ ਤੇ ਗ੍ਰੈਜੂਏਸ਼ਨ ਦੀ ਪੜ੍ਹਾਈ ਆਪਣੇ ਪਿੰਡ ਦੇ ਹੀ ਪ੍ਰਾਈਵੇਟ ਕਾਲਜ ’ਚੋਂ ਕੀਤੀ। ਘਰ ਦੇ ਹਾਲਾਤ ਉਸ ਨੂੰ ਪੜ੍ਹਾਈ ਲਈ ਇਜਾਜ਼ਤ ਨਹੀਂ ਦਿੰਦੇ ਸਨ ਪਰ ਉਸ ਦੇ ਮਨ ’ਚ ਬੀਐੱਡ ਕਰਨ ਦਾ ਵਿਚਾਰ ਸੀ।

ਪਿੰਡ ਦੇ ਪਰਵਾਸੀ ਪੰਜਾਬੀ ਕੁਲਦੀਪ ਸਿੰਘ ਗਿੱਲ ਨੇ ਕਾਨੂੰਨ ਦੀ ਪੜ੍ਹਾਈ ਦਾ ਭਾਰ ਚੁੱਕਣ ਦਾ ਹੌਸਲਾ ਦਿੱਤਾ। ਇਸ ਹੌਸਲੇ ’ਤੇ ਉਸ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸਾਲ 2016 ਵਿੱਚ 3 ਸਾਲਾ ਐਲਐਲਬੀ ਦੀ ਪੜ੍ਹਾਈ ਕਰਨ ਮਗਰੋਂ ਕੁਰਕੂਸ਼ੇਤਰ ਯੂਨੀਵਰਸਿਟੀ ਤੋਂ ਐਲਐਲਐਮ ਕੀਤੀ। ਸਮਾਜ ਵਿੱਚ ਜੱਜਾਂ ਦਾ ਬਹੁਤ ਸਨਮਾਨ ਹੈ। ਇਸੇ ਕਾਰਨ ਉਸ ਦੀ ਨਿਆਂਇਕ ਸੇਵਾਵਾਂ ਪ੍ਰਤੀ ਖਿੱਚ ਪੈਦਾ ਹੋਈ।

ਉਸ ਨੇ ਪੰਜਾਬ ਸਿਵਲ ਸਰਵਿਸਿਜ ਜੁਡੀਸ਼ੀਅਲ ਪੇਪਰ ਦਿੱਤੇ ਤੇ ਬਿਨਾਂ ਕਿਸੇ ਕੋਚਿੰਗ ਤੋਂ ਦੂਜੀ ਹੀ ਕੋਸ਼ਿਸ਼ ਵਿੱਚ ਉਸ ਨੂੰ ਰਾਖਵੇਂ ਕੋਟੇ ’ਚੋਂ ਜੱਜ ਬਣਨ ਦੀ ਸਫ਼ਲਤਾ ਮਿਲੀ। ਉਸ ਨੇ ਇਸ ਸਫ਼ਲਤਾ ਦਾ ਸਿਹਰਾ ਪਰਵਾਸੀ ਪੰਜਾਬੀ ਕੁਲਦੀਪ ਸਿੰਘ ਗਿੱਲ ਤੇ ਆਪਣੇ ਭਰਾ ਸਲੀਮ ਮੁਹੰਮਦ ਨੂੰ ਦਿੱਤਾ ਹੈ। ਬੀਬੀ ਨੇ ਦੱਸਿਆ ਕਿ ਉਸ ਦਾ ਪਿਤਾ ਰਮਜ਼ਾਨ ਖਾਨ ਫੈਕਟਰੀ ’ਚ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਤੇ ਹੁਣ ਬਿਮਾਰੀ ਕਾਰਨ ਕਰੀਬ 6 ਸਾਲ ਤੋਂ ਉਹ ਕੰਮ ਕਰਨ ਤੋਂ ਵੀ ਅਸਮਰਥ ਹੈ।