ਦੇਸ਼ ਵਿੱਚ ਸੂਬਿਆਂ ਦੀ ਜੀਡੀਪੀ ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆਈ ਹੈ। ਜਿਸ ਵਿੱਚ ਪੰਜਾਬ ਦੀ ਹਾਲਤ ਬਾਕੀ ਸੂਬਿਆਂ ਨਾਲੋਂ ਕਾਫ਼ੀ ਮਾੜੀ ਦਿਖਾਈ ਦੇ ਰਹੀ ਹੈ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੇਸ਼ ਦੇ ਜ਼ਿਆਦਾਤਰ ਸੂਬੇ ਵੱਧ ਰਹੇ ਕਰਜ਼ੇ ਨਾਲ ਜੂਝ ਰਹੇ ਹਨ। ਸਾਰੇ ਰਾਜਾਂ ਦੇ ਜੀਡੀਪੀ ਦਾ ਔਸਤ ਕਰਜ਼ਾ 29.5% ਹੈ। ਪੰਜਾਬ ਸਮੇਤ ਦੇਸ਼ ਦੇ 15 ਰਾਜਾਂ ਦਾ ਕਰਜ਼ਾ ਕੁੱਲ ਘਰੇਲੂ ਉਤਪਾਦ ਦੇ 30% ਤੋਂ ਵੱਧ ਹੈ। ਅਜਿਹੇ 'ਚ ਇਨ੍ਹਾਂ ਸੂਬਿਆਂ ਦੀ ਕਮਾਈ ਦਾ ਵੱਡਾ ਹਿੱਸਾ ਵਿਆਜ ਦੀ ਅਦਾਇਗੀ 'ਤੇ ਹੀ ਚੱਲ ਰਿਹਾ ਹੈ।


ਰਿਜ਼ਰਵ ਬੈਂਕ ਦੇ ਨਿਯਮਾਂ ਅਨੁਸਾਰ ਕਰਜ਼ਾ-ਜੀਡੀਪੀ ਅਨੁਪਾਤ 20% ਤੋਂ ਘੱਟ ਹੋਣਾ ਚਾਹੀਦਾ ਹੈ। ਸਿਰਫ਼ ਓਡੀਸ਼ਾ, ਗੁਜਰਾਤ ਅਤੇ ਮਹਾਰਾਸ਼ਟਰ ਹੀ ਇਨ੍ਹਾਂ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਦੇਸ਼ ਵਿੱਚ ਪੰਜਾਬ ਦੀ ਹਾਲਤ ਸਭ ਤੋਂ ਮਾੜੀ ਹੈ। ਪੰਜਾਬ ਸੂਬਾ ਆਪਣੀ ਕਮਾਈ ਦਾ 22.2% ਵਿਆਜ 'ਤੇ ਖਰਚ ਕਰ ਰਿਹਾ ਹੈ। ਰਾਜ 'ਤੇ ਜੀਡੀਪੀ ਦਾ 47% ਕਰਜ਼ਾ ਹੈ। ਇਹ ਗੱਲਾਂ ਬੈਂਕ ਆਫ ਬੜੌਦਾ ਦੀ ਰਿਪੋਰਟ ਵਿੱਚ ਕਹੀਆਂ ਗਈਆਂ ਹਨ।


ਪੰਜਾਬ 'ਤੇ ਜੀਡੀਪੀ ਦੀ ਤੁਲਨਾ 'ਚ ਕਰਜ਼ 47 ਫੀਸਦ ਹੈ ਅਤੇ ਸੂਬੇ ਦੀ ਕੁੱਲ ਕਮਾਈ ਵਿੱਚੋਂ 22.2 ਫੀਸਦ ਰੁਪਏ ਵਿਆਜ ਦੀ ਅਦਾਇਗੀ 'ਤੇ ਜਾ ਰਿਹਾ ਹੈ। ਇਸੇ ਤਰ੍ਹਾਂ ਦੂਸਰੇ ਨੰਬਰ 'ਤੇ ਬਿਹਾਰ ਆਉਂਦਾ ਹੈ ਜਿਸ ਦੀ ਜੀਡੀਪੀ ਦੀ ਤੁਲਨਾ 'ਚ ਕਰਜ਼ 38 ਫੀਸਦ ਹੈ ਅਤੇ 08.60 ਫੀਸਦ ਵਿਆਜ 'ਚ ਕਮਾਈ ਜਾ ਰਹੀ ਹੈ। 


ਰਾਜਸਥਾਨ ਤੀਸਰੇ ਨੰਬਰ 'ਤੇ ਆਉਂਦਾ ਹੈ ਇਸ 'ਤੇ ਕਰਜ਼ 37 ਫੀਸਦ ਹੈ ਅਤੇ ਵਿਆਜ 13.8 ਫੀਸਦ ਜਾ ਰਿਹਾ ਹੈ। ਪੱਛਮੀ ਬੰਗਾਲ 'ਤੇ ਜੀਡੀਪੀ ਦੀ ਤੁਲਨਾ ਵਿੱਚ ਕਰਜ਼ 37 ਫੀਸਦ ਹੈ ਅਤੇ ਵਿਆਜ 'ਚ ਕਮਾਈ 20 ਫੀਸਦ ਜਾ ਰਹੀ ਹੈ। 


ਕੇਰਲ 'ਚ ਹੀ ਕਰਜ਼ 37 ਫੀਸਦ ਹੈ ਅਤੇ ਇਸ ਦੀ ਕਮਾਈ ਵਿਚੋਂ 19.5 ਫੀਸਦ ਵਿਆਜ 'ਤੇ ਲੱਗ ਰਿਹਾ ਹੈ। ਉੱਤਰ ਪ੍ਰਦੇਸ਼ 'ਤੇ ਜੀਡੀਪੀ ਦੀ ਤੁਲਨਾ 'ਚ ਕਰਜ਼ 32 ਫੀਸਦ ਅਤੇ ਇਸ ਦੀ ਕਮਾਈ 'ਚੋਂ 08.8 ਫੀਸਦ ਵਿਆਜ ਅਦਾ ਕੀਤਾ ਜਾ ਰਿਹਾ ਹੈ। ਇਸ ਲਿਸਟ ਵਿੱਚ ਹਰਿਆਣਾ ਸਭ ਤੋਂ ਹੇਠਾਂ ਹੈ। ਹਰਿਆਣਾ 'ਤੇ ਜੀਡੀਪੀ ਦੀ ਤੁਲਨਾ 'ਚ ਕਰਜ਼ 26 ਫੀਸਦ ਹੈ ਅਤੇ ਹਰਿਆਣਾ ਸਰਕਾਰ ਸੂਬੇ ਦੀ ਕੁੱਲ ਕਮਾਈ ਦਾ 19.5 ਫੀਸਦ ਵਿਆਜ ਲਈ ਅਦਾ ਕਰ ਰਹੀ ਹੈ।