Kejriwal Gets Bail: ਦਿੱਲੀ ਸ਼ਰਾਬ ਘੁਟਾਲੇ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੱਚ ਦੀ ਜਿੱਤ ਹੋਈ ਹੈ। ਉਨ੍ਹਾਂ ਐਕਸ 'ਤੇ ਕਿਹਾ, "ਅਦਾਲਤ 'ਤੇ ਭਰੋਸਾ ਹੈ। ਕੇਜਰੀਵਾਲ ਜੀ ਨੂੰ ਜ਼ਮਾਨਤ ਮਿਲ ਗਈ ਹੈ। ਸੱਚ ਦੀ ਜਿੱਤ ਹੋਈ ਹੈ।"


 ਇਸੇ ਤਰ੍ਹਾਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ, "ਇਨਸਾਫ਼ 'ਚ ਦੇਰੀ ਹੋ ਸਕਦੀ ਹੈ ਪਰ ਮਿਲਦਾ ਜ਼ਰੂਰ ਹੈ। 'ਆਪ' ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਲੋਕਤੰਤਰ ਦੀ ਵੱਡੀ ਜਿੱਤ ਹੈ। ਉਨ੍ਹਾਂ ਕਿਹਾ, "ਸੱਚ ਦੀ ਜਿੱਤ ਹੋਈ ਹੈ।" ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। 


ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਦੇ ਵੱਲੋਂ ਝੂਠੇ ਕੇਸ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਫਸਾਇਆ ਗਿਆ ਸੀ ਅਤੇ ਉਹ ਅੱਜ ਸਾਬਿਤ ਹੋ ਗਿਆ ਜਦੋਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੀ। ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ  ਇਲੈਕਸ਼ਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਬਾਹਰ ਆਉਣਾ ਦੇਸ਼ ਲਈ ਵੱਡਾ ਫਾਇਦਾ ਹੈ। 



ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ, ਪੂਰਾ ਵਿਸ਼ਵਾਸ ਸੀ ਕਿ ਸਾਡੇ ਸੁਪਰੀਮੋ ਜਲਦ ਹੀ ਬਾਹਰ ਆਉਣਗੇ ਉਸ ਦੇ ਨਾਲ ਹੀ ਬਾਕੀ ਜੋ ਆਪ ਲੀਡਰ ਝੂਠੇ ਕੇਸਾਂ ਵਿੱਚ ਜੇਲਾਂ ਵਿੱਚ ਹਨ ਉਹ ਵੀ ਜਲਦ ਹੀ ਰਿਹਾ ਹੋਣਗੇ। 


ਰਾਉਸ ਐਵੇਨਿਊ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਹੈ। ਵੀਰਵਾਰ (20 ਜੂਨ) ਨੂੰ ਅਦਾਲਤ ਨੇ 1 ਲੱਖ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦਿੱਤੀ ਹੈ। ਅਦਾਲਤ ਨੇ ਵੀਰਵਾਰ ਰਾਤ 8 ਵਜੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ ਸੁਣਾਇਆ ਸੀ। ਇਸ ਤੋਂ ਪਹਿਲਾਂ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।


ਇਸ ਦੇ ਨਾਲ ਹੀ ਸੂਤਰਾਂ ਮੁਤਾਬਕ ਈਡੀ ਇਸ ਹੁਕਮ ਨੂੰ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ 'ਚ ਚੁਣੌਤੀ ਦੇਵੇਗੀ। ਜ਼ਮਾਨਤ ਰੱਦ ਕਰਨ ਲਈ ਅਰਜ਼ੀ ਦਾਇਰ ਕਰਨ ਦੇ ਨਾਲ-ਨਾਲ ਛੇਤੀ ਸੁਣਵਾਈ ਦੀ ਮੰਗ ਕਰੇਗੀ।