ਚੰਡੀਗੜ੍ਹ: ਬਲਾਤਕਾਰ ਦੇ ਦੋਸ਼ ਵਿੱਚ ਸਜ਼ਾਯਾਫਤਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਸੀ.ਬੀ.ਆਈ. ਅਦਾਲਤ ਵੱਲੋਂ ਆਪਣੇ ਉੱਪਰ ਲਾਏ ਗਏ 30 ਲੱਖ ਦੇ ਜ਼ੁਰਮਾਨੇ ਦੀ ਮੁਆਫੀ ਲਈ ਪੰਜਾਬ ਤੇ ਹਰਿਆਣਾ ਉੱਚ ਅਦਾਲਤ 'ਚ ਅਰਜ਼ੀ ਅਦਾਲਤ ਵਿੱਚ ਦਾਇਰ ਕੀਤੀ ਹੈ।


ਰਾਮ ਰਹੀਮ ਦੇ ਵਕੀਲ ਵਿਸ਼ਾਲ ਗਰਗ ਨੇ ਦੱਸਿਆ ਕਿ ਡੇਰਾ ਮੁਖੀ ਨੇ ਬਿਨਾਂ ਜ਼ੁਰਮਾਨਾ ਅਦਾ ਕੀਤੇ ਬਲਾਤਕਾਰ ਦੇ ਫੈਸਲੇ ਨੂੰ ਚੁਨੌਤੀ ਕਰਨ ਲਈ ਆਗਿਆ ਦਿੱਤੀ ਜਾਵੇ। ਰਾਮ ਰਹੀਮ ਨੇ ਆਪਣੀ ਅਰਜ਼ੀ ਵਿੱਚ ਲਿਖਿਆ ਹੈ ਕਿ ਉਹ ਇਸ ਸਮੇਂ ਜ਼ੁਰਮਾਨਾ ਭਰਨ ਦੀ ਸਥਿਤੀ ਵਿੱਚ ਨਹੀਂ ਹੈ।

ਦੱਸ ਦੇਈਏ ਕਿ ਸੀ.ਬੀ.ਆਈ. ਦੇ ਜੱਜ ਜਗਦੀਪ ਸਿੰਘ ਨੇ ਬੀਤੀ 28 ਅਗਸਤ ਨੂੰ 20 ਸਾਲ ਦੀ ਕੈਦ ਦੀ ਸਜ਼ਾ ਦੇ ਨਾਲ ਨਾਲ ਬਲਾਤਕਾਰ ਪੀੜਤਾਵਾਂ ਲਈ 14-14 ਲੱਖ ਤੇ 1-1 ਲੱਖ ਅਦਾਲਤ ਲਈ, ਦੇ ਹਿਸਾਬ ਨਾਲ ਕੁੱਲ 30,20,000 ਰੁਪਏ ਦਾ ਜ਼ੁਰਮਾਨਾ ਅਦਾਲਤ ਵਿੱਚ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਸਨ। ਅਦਾਲਤ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਜੇਕਰ ਰਾਮ ਰਹੀਮ ਆਪਣੇ ਵਿਰੁੱਧ ਆਏ ਫੈਸਲੇ ਨੂੰ ਉੱਚ ਅਦਾਲਤ ਵਿੱਚ ਚੁਨੌਤੀ ਦੇਣਾ ਚਾਹੁੰਦਾ ਹੈ ਤਾਂ ਉਸ ਨੂੰ ਜ਼ੁਰਮਾਨੇ ਦੀ ਰਕਮ ਪਹਿਲਾਂ ਅਦਾ ਕਰਨੀ ਹੋਵੇਗੀ।

ਪੰਜਾਬ ਤੇ ਹਰਿਆਣਾ ਹਾਈ ਕੋਰਟ ਇਸ ਮਾਮਲੇ ਨੂੰ ਸੋਮਵਾਰ ਨੂੰ ਵਿਚਾਰੇਗੀ। ਇਸ ਤੋਂ ਬਾਅਦ ਹੀ ਸਾਫ ਹੋਵੇਗਾ ਕਿ ਡੇਰਾ ਮੁਖੀ ਨੂੰ ਜ਼ੁਰਮਾਨਾ ਤੋਂ ਛੋਟ ਮਿਲਦੀ ਹੈ ਜਾਂ ਨਹੀਂ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਡੇਰਾ ਮੁਖੀ ਨੇ ਬਲਾਤਕਾਰ ਮਾਮਲੇ ਵਿੱਚ ਮਿਲੀ ਸਜ਼ਾ ਦੇ ਸੀ.ਬੀ.ਆਈ. ਅਦਾਲਤ ਦੇ ਫੈਸਲੇ ਨੂੰ ਚੁਨੌਤੀ ਦੇਣ ਲਈ ਚਾਰਾਜੋਈ ਅਰੰਭੀ ਹੋਈ ਹੈ। ਜੇਕਰ ਅਦਾਲਤ ਜ਼ੁਰਮਾਨਾ ਭਰੇ ਤੋਂ ਬਿਨਾਂ ਉਸ ਦੀ ਚੁਨੌਤੀ ਵਾਲੀ ਪਟੀਸ਼ਨ ਸਵੀਕਾਰ ਨਹੀਂ ਕਰਦੀ ਤਾਂ ਰਾਮ ਰਹੀਮ ਨੂੰ ਆਪਣੀ ਸਜ਼ਾ ਵਾਲੇ ਫੈਸਲੇ ਨੂੰ ਚੁਨੌਤੀ ਦੇਣ ਲਈ 30 ਲੱਖ ਰੁਪਏ ਦਾ ਜ਼ੁਰਮਾਨਾ ਭਰਨਾ ਹੀ ਹੋਵੇਗਾ।