ਚੰਡੀਗੜ੍ਹ: ਬਲਾਤਕਾਰ ਦੇ ਦੋਸ਼ ਵਿੱਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਆਪਣੇ ਵਿਰੁੱਧ ਦਿੱਤੇ ਗਏ ਅਦਾਲਤੀ ਫ਼ੈਸਲੇ ਨੂੰ ਹਾਈ ਕੋਰਟ ਵਿੱਚ ਚੁਨੌਤੀ ਦੇ ਦਿੱਤੀ ਹੈ। ਅਦਾਲਤ ਉਸ ਦੀ ਅਰਜ਼ੀ 'ਤੇ ਸੋਮਵਾਰ ਨੂੰ ਸੁਣਵਾਈ ਕਰ ਸਕਦੀ ਹੈ।


ਡੇਰਾ ਮੁਖੀ ਨੇ ਪਹਿਲਾਂ ਵੀ ਉੱਚ ਅਦਾਲਤ ਵਿੱਚ ਸੀ.ਬੀ.ਆਈ. ਕੋਰਟ ਦੇ ਫ਼ੈਸਲੇ ਨੂੰ ਚੁਨੌਤੀ ਦਿੱਤੀ ਸੀ ਪਰ ਤਕਨੀਕੀ ਗ਼ਲਤੀਆਂ ਕਾਰਨ ਅਦਾਲਤ ਨੇ ਮੁੜ ਤੋਂ ਅਰਜ਼ੀ ਦੇਣ ਲਈ ਕਿਹਾ ਗਿਆ ਸੀ। ਅੱਜ ਉਸ ਵੱਲੋਂ ਦਾਇਰ ਕੀਤੀ ਪਟੀਸ਼ਨ ਨੂੰ ਅਦਾਲਤ ਦੀ ਰਜਿਸਟਰੀ ਸ਼ਾਖਾ ਨੇ ਮਨਜ਼ੂਰ ਕਰ ਲਿਆ ਹੈ। ਹੁਣ ਸੰਭਵ ਹੈ ਕਿ ਡੇਰਾ ਮੁਖੀ ਦੀ ਅਰਜ਼ੀ 'ਤੇ ਅਦਾਲਤ ਸੋਮਵਾਰ ਨੂੰ ਸੁਣਵਾਈ ਕਰੇ।

ਦੱਸ ਦੇਈਏ ਕਿ ਡੇਰਾ ਮੁਖੀ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ 15 ਸਾਲ ਪਹਿਲਾਂ ਦਰਜ ਹੋਏ 2 ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਗੁਰਮੀਤ ਰਾਮ ਰਹੀਮ 28 ਅਗਸਤ ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਭੁਗਤ ਰਿਹਾ ਹੈ।