ਚੰਡੀਗੜ੍ਹ: ਹੌਲੀ-ਹੌਲੀ ਕਰਦਿਆਂ ਡੇਰਾ ਸਿਰਸਾ ਦੇ ਪ੍ਰੇਮੀਆਂ ਵੱਲੋਂ ਪੰਚਕੁਲਾ ਵਿੱਚ ਕੀਤੀ ਹਿੰਸਾ ਦੀਆਂ ਗੁੰਝਲਾਂ ਖੁੱਲ੍ਹਦੀਆਂ ਜਾਪਦੀਆਂ ਹਨ। ਪੰਚਕੁਲਾ ਪੁਲਿਸ ਹੁਣ ਰਾਮ ਰਹੀਮ ਦੇ ਵਫ਼ਾਦਾਰ ਡਰਾਈਵਰ ਇਕਬਾਲ ਸਿੰਘ ਦੀ ਤਲਾਸ਼ ਵਿੱਚ ਹੈ। ਪੁਲਿਸ ਮੁਤਾਬਕ ਹਨੀਪ੍ਰੀਤ 38 ਦਿਨਾਂ ਤੱਕ ਉਸ ਦੇ ਸੰਪਰਕ ਵਿੱਚ ਸੀ।


ਪੁਲਿਸ ਨੇ ਦੱਸਿਆ ਕਿ ਹਨੀਪ੍ਰੀਤ ਨਾਲ ਗ੍ਰਿਫਤਾਰ ਕੀਤੀ ਗਈ ਉਸ ਦੀ ਸਾਥਣ ਸੁਖਦੀਪ ਤੇ ਇਕਬਾਲ ਨੇ ਹੀ ਉਸ ਨੂੰ ਬਠਿੰਡਾ ਵਿੱਚ ਲੁਕਣ ਲਈ ਥਾਂ ਦਿੱਤੀ ਸੀ। ਡੇਰਾ ਮੁਖੀ ਦੇ ਡਰਾਈਵਰ ਨੂੰ ਹਨੀਪ੍ਰੀਤ ਨੂੰ ਲੁਕਾਉਣ ਦੇ ਦੋਸ਼ ਵਿੱਚ ਹੀ ਗ੍ਰਿਫਤਾਰ ਕੀਤਾ ਜਾਵੇਗਾ।

ਹਨੀਪ੍ਰੀਤ ਪੁੱਛ-ਪੜਤਾਲ ਵਿੱਚ ਪੁਲਿਸ ਦਾ ਬਿਲਕੁਲ ਵੀ ਸਾਥ ਨਹੀਂ ਦੇ ਰਹੀ। ਪੁਲਿਸ ਕਮਿਸ਼ਨਰ ਏ.ਐਸ. ਚਾਵਲਾ ਨੇ ਦੱਸਿਆ ਕਿ ਪੁਲਿਸ ਨੂੰ ਗੁੰਮਰਾਹ ਕਰਨ ਲਈ ਹਨੀਪ੍ਰੀਤ ਗ਼ਲਤ ਜਾਣਕਾਰੀ ਦੇ ਰਹੀ ਹੈ। ਪੁਲਿਸ ਮੁਤਾਬਕ ਬਠਿੰਡਾ ਵਿੱਚ ਸੁਖਦੀਪ ਦੇ ਜੱਦੀ ਘਰ ਵਿੱਚ ਰੁਕੇ ਹੋਣ ਦੀ ਨਿਸ਼ਾਨਦੇਹੀ ਮੌਕੇ ਵੀ ਉਹ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਣ ਲੱਗੀ ਤੇ ਅਣਜਾਣ ਹੋ ਕੇ ਦੱਸਣ ਲਈ ਕਿ ਉਹ ਪਤਾ ਨਹੀਂ ਕਿੱਥੇ ਠਹਿਰੀ ਸੀ।

ਪੁਲਿਸ ਤੇ ਜਾਂਚ ਮੈਜਿਸਟ੍ਰੇਟ ਨੂੰ ਲੱਗ ਰਿਹਾ ਹੈ ਕਿ ਹਨੀਪ੍ਰੀਤ ਮਿਸਲੀਡ ਕਰ ਰਹੀ ਹੈ। ਹਨੀਪ੍ਰੀਤ ਜੋ ਫ਼ੋਨ ਵਰਤ ਰਹੀ ਸੀ, ਉਹ ਪੰਜਾਬ ਦੇ ਤਰਨਤਾਰਨ ਦਾ ਰਜਿਸਟਰਡ ਹੈ। ਪੰਚਕੁਲਾ ਪੁਲਿਸ ਨੇ ਮੁੰਬਈ ਦੀਆਂ ਉਨ੍ਹਾਂ ਮਾਡਲਜ਼ ਨੂੰ ਵੀ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਹੈ, ਜਿਨ੍ਹਾਂ ਨੇ ਹਨੀਪ੍ਰੀਤ ਬਾਰੇ ਬਿਆਨ ਦੇ ਰਹੀਆਂ ਹਨ ਕਿ ਉਹ ਅਦਾਕਾਰਾ ਬਣਨਾ ਚਾਹੁੰਦੀ ਹੈ। ਪੁਲਿਸ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਪੁਲਿਸ ਆਦਿੱਤਿਆ ਇੰਸਾ ਤੇ ਪਵਨ ਇੰਸਾ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।