ਗੁਰਦਾਸਪੁਰ: ਬਲਾਤਕਾਰ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਅਕਾਲੀ ਦਲ ਨਾਲ ਸਬੰਧਤ ਰਹੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਗੁਰਦਾਸਪੁਰ ਪੁਲਿਸ ਨੇ ਉਸ ਵਿਰੁੱਧ ਧਾਰਮਿਕ ਜਥੇਬੰਦੀਆਂ ਦੀ ਸ਼ਿਕਾਇਤ 'ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਵੀ ਦਰਜ ਕਰ ਲਿਆ ਹੈ। ਪੁਲਿਸ ਨੇ ਅੱਜ ਭਾਰਤੀ ਸੰਵਿਧਾਨ ਦੀ ਧਾਰਾ 295 ਏ ਤਹਿਤ ਪਰਚਾ ਦਰਜ ਕਰ ਲਿਆ ਹੈ।


ਜਥੇਬੰਦੀਆਂ ਵੱਲੋਂ ਸ਼ਿਕਾਇਤ ਵਿੱਚ ਲੰਗਾਹ 'ਤੇ ਸਿੱਖੀ ਕਕਾਰਾਂ ਦੀ ਬੇਅਦਬੀ ਕਰਨ ਦੇ ਇਲਜ਼ਾਮ ਲਾਏ ਹਨ। ਸਾਬਕਾ ਮੰਤਰੀ ਵੱਲੋਂ ਕਿਰਪਾਨ ਦੀ ਬੇਅਦਬੀ ਕਰਨ ਦੀ ਗੱਲ ਕਹੀ ਗਈ ਹੈ। ਸ਼ਿਕਾਇਤ ਮੁਤਾਬਕ ਲੰਗਾਹ ਨੇ ਕਿਸੇ ਪਰਾਈ ਔਰਤ ਨਾਲ ਰਿਸ਼ਤਾ ਬਣਾ ਕੇ ਸਿੱਖ ਮਰਿਆਦਾ ਤੋਂ ਉਲਟ ਕੰਮ ਕੀਤਾ ਹੈ।

ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ 4 ਸਤੰਬਰ ਨੂੰ ਗੁਰਦਾਸਪੁਰ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ ਤੇ ਅਦਾਲਤ ਨੇ ਲੰਗਾਹ ਨੂੰ 9 ਅਕਤੂਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਲੰਗਾਹ ਚੰਡੀਗੜ੍ਹ ਦੇ ਸੈਕਟਰ 43 ਦੀ ਜ਼ਿਲ੍ਹਾ ਅਦਾਲਤ ਵਿੱਚ ਆਤਮ ਸਮਰਪਣ ਕਰਨ ਆਇਆ ਸੀ ਪਰ ਅਦਾਲਤ ਨੇ ਉਸ ਨੂੰ ਕਿਹਾ ਸੀ ਕਿ ਉਹ ਗੁਰਦਾਸਪੁਰ ਅਦਾਲਤ ਸਾਹਮਣੇ ਆਤਮ ਸਮਰਪਣ ਕਰੇ।

ਦੱਸ ਦਈਏ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ‘ਤੇ ਬੀਤੀ 29 ਸਤੰਬਰ ਨੂੰ ਗੁਰਦਾਸਪੁਰ ਦੀ ਇੱਕ ਔਰਤ ਵੱਲੋਂ 8 ਸਾਲ ਤੋਂ ਬਲਾਤਕਾਰ ਕਰਦੇ ਆ ਰਹਿਣ ਦਾ ਇਲਜ਼ਾਮ ਲਾ ਕੇ ਮਾਮਲਾ ਦਰਜ ਕਰਵਾਇਆ ਸੀ। ਪੀੜਤ ਔਰਤ ਨੇ ਪੁਲਿਸ ਨੂੰ ਸਬੂਤ ਵਜੋਂ ਇੱਕ ਵੀਡੀਓ ਵੀ ਦਿੱਤੀ ਸੀ। ਉਹੀ ਵੀਡੀਓ ਹੋਣ ਦਾ ਦਾਅਵਾ ਕਰ ਕੇ ਸੁੱਚਾ ਸਿੰਘ ਲੰਗਾਹ ਦੇ ਨਾਂ ਤੋਂ ਇੱਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਹਾਲੇ ਵੀ ਵਾਇਰਲ ਹੋ ਰਹੀ ਹੈ।

ਗੁਰਦਾਸਪੁਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 2008 ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਉਹ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਸੀ। ਤਰਸ ਦੇ ਆਧਾਰ ‘ਤੇ ਆਪਣੇ ਪਤੀ ਵਾਲੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਮੰਤਵ ਨਾਲ ਪੀੜਤਾ ਆਪਣੇ ਇਲਾਕੇ ਦੇ ਤਤਕਾਲੀ ਮੰਤਰੀ ਨੂੰ ਸਾਲ 2009 ਵਿੱਚ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਮਿਲੀ ਸੀ। ਪੀੜਤਾ ਮੁਤਾਬਕ ਨੌਕਰੀ ਦੀ ਜ਼ਰੂਰਤ ਤੇ ਮੰਤਰੀ ਦੇ ਅਸਰ ਰਸੂਖ਼ ਕਾਰਨ ਉਹ ਬੇਵੱਸ ਹੋ ਗਈ ਤੇ ਮੰਤਰੀ ਨੇ ਉਸ ਨਾਲ ਬਲਾਤਕਾਰ ਕੀਤਾ।

ਪੀੜਤਾ ਨੇ ਸ਼ਿਕਾਇਤ ਵਿੱਚ ਸੁੱਚਾ ਸਿੰਘ ਲੰਗਾਹ ‘ਤੇ ਡਰਾ-ਧਮਕਾ ਕੇ ਤੇ ਬਲੈਕਮੇਲ ਕਰਕੇ ਉਸ ਨਾਲ ਕਈ ਵਾਰ ਬਲਾਤਕਾਰ ਕਰਨ ਦੇ ਇਲਜ਼ਾਮ ਲਾਏ ਸਨ। ਪੀੜਤਾ ਨੇ ਲੰਗਾਹ ‘ਤੇ ਉਸ ਦੀ ਜ਼ਮੀਨ ਵਿਕਵਾ ਦੇਣ ਤੇ ਉਸ ਦੇ ਪੈਸੇ ਹੜੱਪਣ ਦੇ ਇਲਜ਼ਾਮ ਵੀ ਲਾਏ ਸਨ।