ਚੰਡੀਗੜ੍ਹ : ਸੰਗਰੂਰ ਦੇ ਪਟਿਆਲਾ ਰੋਡ 'ਤੇ ਡੇਰਾ ਸਿਰਸਾ ਦੇ ਬਣੇ ਨਾਮ ਚਰਚਾ ਘਰ ਵਿਚ ਲਗਜ਼ਰੀ ਕਾਰ ਖੜ੍ਹੀ ਹੈ। ਕਾਯਨੀ ਜੀਟੀਐੱਸ ਪੋਰਸ਼ ਮਾਡਲ ਵਾਲੀ ਕਾਰ ਦੀ ਕੀਮਤ 1.42 ਕਰੋੜ ਰੁਪਏ ਦੱਸੀ ਜਾ ਰਹੀ ਹੈ ਅਤੇ ਇਹ ਹਰੇ ਰੰਗ ਦੀ ਕਾਰ ਹੈ। ਕਰੋੜਾਂ ਦੀ ਕਾਰ ਨੂੰ ਲੈ ਕੇ ਲੋਕਾਂ 'ਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ।

ਇਹ ਕਾਰ ਨਾਮ ਚਰਚਾ ਘਰ ਵਿਚ ਕਿਵੇਂ ਪਹੁੰਚੀ, ਇਸ ਦਾ ਮਾਲਕ ਕੌਣ ਹੈ, ਇਸ ਕਾਰ ਬਾਰੇ ਨਾ ਤਾਂ ਡੇਰਾ ਸਮਰਥਕ ਬੋਲਣ ਨੂੰ ਤਿਆਰ ਹਨ, ਨਾ ਹੀ ਪੁਲਿਸ ਪ੍ਰਸ਼ਾਸਨ। ਪ੍ਰਸ਼ਾਸਨ ਤੋਂ ਅਦਾਲਤ ਰਾਹੀਂ ਮੰਗੀ ਜਾਇਦਾਦਾਂ ਦੀ ਜਾਣਕਾਰੀ ਵਿਚ ਕਾਰ ਦੀ ਡੀਟੇਲ ਤਕ ਸ਼ਾਮਲ ਨਹੀਂ ਹੈ। ਡਿਪਟੀ ਕਮਿਸ਼ਨਰ ਅਮਰਪ੍ਰਤਾਪ ਸਿੰਘ ਵਿਰਕ ਨੇ ਡੇਰੇ ਵਿਚ ਮਹਿੰਗੀ ਕਾਰ ਖੜ੍ਹਨ ਦੀ ਗੱਲ ਕਬੂਲੀ ਅਤੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਾਰ ਨਾਲ ਜੁੜੀ ਜਾਣਕਾਰੀ ਹਾਸਲ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਜਾਣਕਾਰੀ ਅਨੁਸਾਰ ਇਸੇ ਸਾਲ 24 ਅਪ੍ਰੈਲ ਨੂੰ ਕਾਰ ਨੂੰ ਸੰਗਰੂਰ ਤੋਂ 1000 ਪ੍ਰੇਮੀਆਂ ਦਾ ਕਾਫਲਾ ਲੈਣ ਗਿਆ ਸੀ, ਜਿਸ ਨੂੰ ਡੇਰਾ ਸਿਰਸਾ 'ਚ ਪ੍ਰਬੰਧਕਾਂ ਨੇ ਸੰਗਰੂਰ ਦੇ ਪ੍ਰਬੰਧਕਾਂ ਨੂੰ ਸੌਂਪਿਆ ਸੀ। ਉਦੋਂ ਲਗਪਗ 50 ਕਾਰਾਂ ਦੇ ਕਾਫਲੇ ਵਿਚ ਇਹ ਕਾਰ ਸੰਗਰੂਰ 'ਚ ਲਿਆਂਦੀ ਗਈ ਸੀ। ਇਹ ਕਾਰ ਸੰਗਰੂਰ ਦੀ ਸੰਗਤ ਨੂੰ ਮਨੁੱਖਤਾ ਦੀ ਭਲਾਈ ਦੇ ਕੰਮਾਂ ਕਾਰਨ ਅੱਵਲ ਆਉਣ 'ਤੇ ਦਿੱਤੀ ਗਈ ਸੀ।