Punjab News: ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੰਜਾਬ 'ਚ ਖਤਰਾ! ਇਹ ਹਵਾਲਾ ਦੇ ਕੇਸ ਹੋਰ ਰਾਜ 'ਚ ਤਬਦੀਲੀ ਕਰਾਉਣ ਸੁਪਰੀਮ ਕੋਰਟ ਪਹੁੰਚੇ ਡੇਰਾ ਪੈਰੋਕਾਰ
ਫ਼ਰੀਦਕੋਟ ਦੇ ਚੀਫ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਬੇਅਦਬੀ ਕਾਂਡ ਵਿੱਚ ਜੁੜੇ ਤਿੰਨ ਫੌਜਦਾਰੀ ਕੇਸਾਂ ਨੂੰ ਪੰਜਾਬ ਤੋਂ ਬਾਹਰ ਲਿਜਾਣ ਲਈ ਡੇਰਾ ਪੈਰੋਕਾਰਾਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ।
Punjab News: ਡੇਰਾ ਸਿਰਸਾ ਮੁਖੀ ਰਾਮ ਰਹੀਮ ਮੁੜ ਸੁਰਖੀਆਂ ਵਿੱਚ ਹੈ। ਉਹ ਫਿਰ ਪੈਰੋਲ ਉੱਪਰ ਬਾਹਰ ਆਇਆ ਹੈ। ਡੇਰਾ ਪੈਰੋਕਾਰ ਹੁਣ ਉਸ ਖਿਲਾਫ ਕੇਸਾਂ ਨੂੰ ਦੂਜੇ ਰਾਜਾਂ ਵਿੱਚ ਤਬਦੀਲ ਕਰਵਾਉਣ ਲਈ ਜੁੱਟ ਗਏ ਹਨ। ਡੇਰਾ ਪੈਰੋਕਾਰਾਂ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਰਾਮ ਰਹੀਮ ਦੀ ਜਾਨ ਨੂੰ ਖਤਰਾ ਹੈ। ਇਹ ਹਵਾਲਾ ਦੇ ਕੇ ਡੇਰਾ ਪੈਰੋਕਾਰ ਸੁਪਰੀਮ ਕੋਲ ਪਹੁੰਚੇ ਹਨ।
ਹਾਸਲ ਜਾਣਕਾਰੀ ਮੁਤਾਬਕ ਫ਼ਰੀਦਕੋਟ ਦੇ ਚੀਫ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਬੇਅਦਬੀ ਕਾਂਡ ਵਿੱਚ ਜੁੜੇ ਤਿੰਨ ਫੌਜਦਾਰੀ ਕੇਸਾਂ ਨੂੰ ਪੰਜਾਬ ਤੋਂ ਬਾਹਰ ਲਿਜਾਣ ਲਈ ਡੇਰਾ ਪੈਰੋਕਾਰਾਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੇ ਪੰਜ ਹੋਰ ਡੇਰਾ ਪ੍ਰੇਮੀਆਂ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ ਤੇ ਪੰਜਾਬ ਦੀਆਂ ਅਦਾਲਤਾਂ ਵਿੱਚ ਡੇਰਾ ਪ੍ਰੇਮੀ ਆਜ਼ਾਦ ਤਰੀਕੇ ਨਾਲ ਆਪਣਾ ਕੇਸ ਨਹੀਂ ਲੜ ਸਕਦੇ।
ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਬੇਅਦਬੀ ਕਾਂਡ ਵਿੱਚ ਨਾਮਜ਼ਦ ਮੁਲਜ਼ਮ ਮਹਿੰਦਰਪਾਲ ਬਿੱਟੂ ਦਾ ਅਦਾਲਤੀ ਹਿਰਾਸਤ ਦੌਰਾਨ ਜੇਲ੍ਹ ਵਿੱਚ ਕਤਲ ਹੋ ਚੁੱਕਾ ਹੈ ਤੇ ਪ੍ਰਦੀਪ ਸਿੰਘ ਦਾ ਦੋ ਮਹੀਨੇ ਪਹਿਲਾਂ ਕੋਟਕਪੂਰਾ ਵਿੱਚ ਉਸ ਦੀ ਦੁਕਾਨ ’ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਘਟਨਾਵਾਂ ਨੂੰ ਆਧਾਰ ਬਣਾ ਕੇ ਬਾਕੀ ਮੁਲਜ਼ਮਾਂ ਦੀ ਵੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਹੈ। ਸੁਪਰੀਮ ਕੋਰਟ ਵਿੱਚ ਡੇਰਾ ਪ੍ਰੇਮੀਆਂ ਦੀ ਇਸ ਪਟੀਸ਼ਨ ’ਤੇ 30 ਜਨਵਰੀ ਨੂੰ ਸੁਣਵਾਈ ਹੋਣ ਦੀ ਸੰਭਾਵਨਾ ਹੈ।
ਅਦਾਲਤ ਵਿੱਚ ਪੇਸ਼ ਨਹੀਂ ਹੋਏ ਡੇਰਾ ਪ੍ਰੇਮੀ ਫਰੀਦਕੋਟ ਦੀ ਚੀਫ ਜੁਡੀਸ਼ਲ ਮੈਜਿਸਟਰੇਟ ਮੋਨਿਕਾ ਲਾਂਬਾ ਦੀ ਅਦਾਲਤ ਵਿੱਚ ਬੇਅਦਬੀ ਨਾਲ ਜੁੜੇ ਤਿੰਨੇ ਕੇਸਾਂ ਦੀ ਸ਼ਨੀਵਾਰ ਨੂੰ ਪੇਸ਼ੀ ਸੀ, ਪਰ ਕੋਈ ਡੇਰਾ ਪ੍ਰੇਮੀ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਅਦਾਲਤ ਨੇ ਵਕੀਲਾਂ ਦੀ ਅਰਜ਼ੀ ਦੇ ਆਧਾਰ ’ਤੇ ਸਾਰੇ ਮੁਲਜ਼ਮਾਂ ਦੀ ਲਈ ਹਾਜ਼ਰੀ ਮੁਆਫ਼ ਕਰ ਦਿੱਤੀ। ਡੇਰਾ ਪ੍ਰੇਮੀ ਖੁਦ ਦੀ ਸੁਰੱਖਿਆ ਨੂੰ ਖਤਰਾ ਦੱਸਦਿਆਂ ਅਦਾਲਤ ਵਿੱਚ ਪੇਸ਼ ਨਹੀਂ ਹੋਏ।
ਇਸੇ ਦਰਮਿਆਨ ਵਿਸ਼ੇਸ਼ ਜਾਂਚ ਟੀਮ ਨੇ 600 ਪੰਨਿਆਂ ਦੇ ਦਸਤਾਵੇਜ਼ ਡੇਰਾ ਪ੍ਰੇਮੀਆਂ ਦੇ ਵਕੀਲਾਂ ਨੂੰ ਮੁਹੱਈਆ ਕਰਵਾ ਦਿੱਤੇ ਹਨ। ਡੇਰਾ ਪ੍ਰੇਮੀਆਂ ਨੇ ਬੇਅਦਬੀ ਨਾਲ ਜੁੜੇ ਕੇਸਾਂ ਦੇ ਸਾਰੇ ਦਸਤਾਵੇਜ਼ ਜਾਂਚ ਟੀਮ ਪਾਸੋਂ ਮੰਗੇ ਸਨ ਜੋ ਚਲਾਨ ਨਾਲ ਅਦਾਲਤ ਵਿੱਚ ਪੇਸ਼ ਕੀਤੇ ਗਏ ਹਨ। ਇਨ੍ਹਾਂ ਦਸਤਾਵੇਜ਼ਾਂ ਵਿੱਚ ਸੀਬੀਆਈ ਦੀਆਂ ਪੜਤਾਲ ਰਿਪੋਰਟਾਂ ਵੀ ਸ਼ਾਮਲ ਹਨ।