ਚੰਡੀਗੜ੍ਹ: ਕੈਬਿਨਟ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖੀ ਚਿੱਠੀ 'ਤੇ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਚਿੱਠੀ ਮੁਤਾਬਕ ਅਕਾਲੀ ਦਲ ਤੇ ਐਸਜੀਪੀਸੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮ ਦਾ ਸਿਆਸੀਕਰਨ ਕਰ ਰਹੀਆਂ ਹਨ। ਇਸ ਦੇ ਜਵਾਬ ਵਿੱਚ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਸਿਆਸੀ ਲੋਕ ਇਨ੍ਹਾਂ ਸਮਾਗਮ ਦਾ ਸਿਆਸੀਕਰਨ ਹੀ ਕਰਨਗੇ ਤੇ ਉਹ ਸਿਆਸੀ ਗੱਲਾਂ ਹੀ ਕਰਨਗੇ।

ਸਿਰਸਾ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਨੇ ਧਾਰਮਿਕ ਸੇਵਾ ਦਿੱਤੀ ਹੈ, ਅਸੀਂ ਉਹ ਹੀ ਕਰਾਂਗੇ ਪਰ ਮੈਂ ਉਨ੍ਹਾਂ ਸਿਆਸੀ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਇਸ ਸਮਾਗਮ ਤੇ ਸਿਆਸਤ ਨਾ ਕਰਨ। ਇਸ ਦੇ ਨਾਲ ਹੀ ਜਰਮਨ ਵਿੱਚ ਸਿੱਖਾਂ ਨੂੰ ਹੈਲਮੇਟ ਪਹਿਨਣ ਦੇ ਅਦਾਲਤੀ ਆਦੇਸ਼ ਬਾਰੇ ਸਿਰਸਾ ਨੇ ਕਿਹਾ ਕਿ ਉਨ੍ਹਾਂ ਭਾਰਤ ਦੇ ਵਿਦੇਸ਼ ਮੰਤਰੀ ਨੂੰ ਇਸ ਬਾਰੇ ਲਿਖਿਆ ਹੈ ਤੇ ਉਹ ਜਰਮਨ ਦੀਆਂ ਸਿੰਘ ਸਭਾਵਾਂ ਨੂੰ ਨਾਲ ਲੈ ਕੇ ਅਦਾਲਤ ਵਿੱਚ ਰਿਟ ਪਟੀਸ਼ਨ ਵੀ ਪਾਉਣਗੇ ਕਿ ਇਸ ਆਦੇਸ਼ 'ਤੇ ਨਜ਼ਰਸਾਨੀ ਕੀਤੀ ਜਾਵੇ।

ਇਸ ਤੋਂ ਇਲਾਵਾ ਸੋਮਨਵਾਰ ਨੂੰ ਲੋਕ ਸਭਾ ਦੇ ਵਿੱਚ ਇਹ ਬਿੱਲ ਪੇਸ਼ ਕੀਤੇ ਜਾਣ ਕਿ ਜੱਲ੍ਹਿਆਂਵਾਲਾ ਬਾਗ਼ ਦਾ ਟਰੱਸਟੀ ਹੁਣ ਕਾਂਗਰਸੀ ਨਹੀਂ ਹੋਵੇਗਾ, ਬਾਰੇ ਮਨਜਿੰਦਰ ਸਿਰਸਾ ਨੇ ਕਿਹਾ ਕਿ ਜੱਲ੍ਹਿਆਂਵਾਲਾ ਬਾਗ਼ ਦਾ ਟਰੱਸਟੀ ਉਹ ਹੋਣਾ ਚਾਹੀਦਾ ਜਿਸ ਦੇ ਪਰਿਵਾਰ ਦੇ ਕੋਈ ਮੈਂਬਰ ਨੇ ਸ਼ਹੀਦੀ ਦਿੱਤੀ ਹੋਵੇ, ਨਾ ਕਿ ਕਾਂਗਰਸੀ, ਕਿਉਂਕਿ ਗਾਂਧੀ ਪਰਿਵਾਰ ਦੀ ਕੋਈ ਵੀ ਸ਼ਹਾਦਤ ਨਹੀਂ ਹੈ ਤੇ ਲੋਕ ਹੁਣ ਗਾਂਧੀ ਪਰਿਵਾਰ ਦੇ ਨਾਂ ਤੋਂ ਅੱਕ ਚੁੱਕੇ ਹਨ।