Stubble Burning In Punjab : ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਸਰਕਾਰ ਵੀ ਪਰਾਲੀ ਸਾੜਨ ਦੇ ਮਾਮਲੇ ਨੂੰ ਲੈ ਕੇ ਐਕਸ਼ਨ ਮੋਡ ਵਿੱਚ ਆ ਗਈ ਹੈ। ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਕਾਮਯਾਬ ਨਾ ਹੋਣ ਕਾਰਨ ਡੀਜੀਪੀ ਵੱਲੋਂ 11 ਜ਼ਿਲ੍ਹਿਆਂ ਦੇ ਐਸਐਸਪੀਜ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਬਰਨਾਲਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫ਼ਿਰੋਜ਼ਪੁਰ, ਲੁਧਿਆਣਾ, ਮੋਗਾ, ਮੁਕਤਸਰ, ਸੰਗਰੂਰ, ਜਗਰਾਉਂ ਅਤੇ ਖੰਨਾ ਸ਼ਾਮਲ ਹਨ।


ਤਿੰਨ ਦਿਨਾਂ ਵਿੱਚ ਮੰਗਿਆ ਜਵਾਬ 


ਨੋਟਿਸ ਵਿੱਚ ਪੁੱਛਿਆ ਗਿਆ ਹੈ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਮੀ ਨਾ ਹੋਣ ਦਾ ਕੀ ਕਾਰਨ ਹੈ। ਇਸ 'ਤੇ ਹੁਣ ਤੱਕ ਕੀ ਕਾਰਵਾਈ ਹੋਈ ਹੈ? ਸਾਰਿਆਂ ਨੂੰ ਸੋਮਵਾਰ ਤੱਕ ਆਪਣਾ ਜਵਾਬ ਦਾਇਰ ਕਰਨਾ ਹੋਵੇਗਾ। ਹੁਣ ਤੱਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਸਬੰਧੀ ਪੁਲਿਸ ਵੱਲੋਂ 825 ਕੇਸ ਦਰਜ ਕੀਤੇ ਜਾ ਚੁੱਕੇ ਹਨ।


ਸਰਕਾਰ ਨੇ ਕੁਝ ਸਮਾਂ ਪਹਿਲਾਂ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਮੈਦਾਨ ਵਿੱਚ ਉਤਾਰਿਆ ਸੀ। ਨਾਲ ਹੀ ਸਾਰਾ ਪੰਜਾਬ ਚੱਕਰਾਂ ਵਿੱਚ ਵੰਡਿਆ ਗਿਆ। ਪਰ ਇਸ ਤੋਂ ਬਾਅਦ ਵੀ ਅੱਗਜ਼ਨੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅਜਿਹੇ ਵਿੱਚ ਹੁਣ ਡੀਜੀਪੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ, ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ।


ਕਿਸਾਨ ਆਗੂਆਂ ਨਾਲ 7000 ਤੋਂ ਵੱਧ ਮੀਟਿੰਗਾਂ  ਕਰ ਚੁੱਕੀ ਹੈ ਪੁਲਿਸ 


ਪਰਾਲੀ ਦੇ ਸਿਹਤ 'ਤੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੁਲਿਸ ਹੁਣ ਤੱਕ ਪਿੰਡਾਂ ਦੇ ਸਮੂਹਾਂ, ਪਿੰਡਾਂ ਦੇ ਸਰਪੰਚਾਂ ਅਤੇ ਕਿਸਾਨ ਆਗੂਆਂ ਨਾਲ 7000 ਤੋਂ ਵੱਧ ਮੀਟਿੰਗਾਂ ਕਰ ਚੁੱਕੀ ਹੈ। ਖੇਤਾਂ ਵਿੱਚ ਲੱਗੀ ਅੱਗ ਨੂੰ ਰੋਕਣ ਲਈ ਪੁਲਿਸ ਅਤੇ ਸਥਾਨਕ ਅਧਿਕਾਰੀਆਂ ਦੇ 1,040 ਸੰਯੁਕਤ ਫਲਾਇੰਗ ਸਕੁਐਡ ਬਣਾਏ ਗਏ ਹਨ।


ਪਰਾਲੀ ਸਾੜਨ ਵਾਲਿਆਂ ਦੀ ਕੀਤੀ ਜਾਵੇਗੀ ਪਛਾਣ 


ਪੰਜਾਬ ਪੁਲਿਸ ਵੱਲੋਂ ਪਰਾਲੀ ਸਾੜਨ ਸਬੰਧੀ ਹੁਣ ਤੱਕ ਦਰਜ ਕੀਤੇ ਕੇਸ। ਇਨ੍ਹਾਂ 'ਚੋਂ ਕਈ ਮਾਮਲੇ ਅਜਿਹੇ ਹਨ, ਜਿਨ੍ਹਾਂ 'ਚ ਦੋਸ਼ੀ ਅਣਪਛਾਤੇ ਕਰਾਰ ਦਿੱਤੇ ਗਏ ਹਨ। ਹੁਣ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਹਦਾਇਤ ਕੀਤੀ ਗਈ ਹੈ ਕਿ ਜਿਨ੍ਹਾਂ ਲੋਕਾਂ ਦੇ ਖੇਤਾਂ ਵਿੱਚ ਅੱਗ ਲੱਗੀ ਹੈ, ਉਨ੍ਹਾਂ ਦੀ ਸ਼ਨਾਖਤ ਕੀਤੀ ਜਾਵੇ ਅਤੇ ਇਹ ਵੀ ਪਤਾ ਲਗਾਇਆ ਜਾਵੇ ਕਿ ਅੱਗ ਕਿਸ ਪਾਸਿਓਂ ਲੱਗੀ ਹੈ।


1.42 ਕਰੋੜ ਰੁਪਏ ਦਾ ਲਗਾਇਆ ਗਿਆ ਹੈ ਜੁਰਮਾਨਾ 


ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਨੇ ਹੁਣ ਤੱਕ 5661 ਕਿਸਾਨਾਂ ਨੂੰ ਪਰਾਲੀ ਸਾੜਨ 'ਤੇ ਜੁਰਮਾਨਾ ਕੀਤਾ ਹੈ। ਉਸ 'ਤੇ 1.42 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਇਸ ਤੋਂ ਇਲਾਵਾ 342 ਤੋਂ ਵੱਧ ਕਿਸਾਨਾਂ ਦੇ ਮਾਲ ਰਿਕਾਰਡ ਵਿੱਚ ਲਾਲ ਐਂਟਰੀਆਂ ਦਰਜ ਕੀਤੀਆਂ ਗਈਆਂ ਹਨ।


ਸਭ ਤੋਂ ਵੱਧ ਪਰਾਲੀ ਸੰਗਰੂਰ ਵਿੱਚ ਸਾੜੀ ਗਈ, ਸਭ ਤੋਂ ਘੱਟ ਪਠਾਨਕੋਟ ਵਿੱਚ



ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਰੁਕਣ ਦੇ ਕੋਈ ਸੰਕੇਤ ਨਹੀਂ ਦੇ ਰਹੇ ਹਨ। ਜੇ ਪਿਛਲੇ ਤਿੰਨ ਸਾਲਾਂ ਦੀ ਤੁਲਨਾ ਕਰੀਏ ਤਾਂ ਪਤਾ ਲੱਗਦਾ ਹੈ ਕਿ ਪਠਾਨਕੋਟ ਵਿੱਚ ਪਰਾਲੀ ਸਾੜਨ ਪ੍ਰਤੀ ਲੋਕ ਜਾਗਰੂਕ ਹੋ ਗਏ ਹਨ। ਜ਼ਿਲ੍ਹਾ ਪਿਛਲੇ ਤਿੰਨ ਸਾਲਾਂ ਤੋਂ ਪਰਾਲੀ ਸਾੜਨ ਦੇ ਸਭ ਤੋਂ ਘੱਟ ਮਾਮਲਿਆਂ ਵਿੱਚ ਪਹਿਲੇ ਨੰਬਰ 'ਤੇ ਰਿਹਾ ਹੈ। ਇਸ ਦੇ ਨਾਲ ਹੀ ਸੰਗਰੂਰ ਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਰਿਹਾ ਹੈ। ਪਿਛਲੇ ਤਿੰਨ ਸਾਲਾਂ ਤੋਂ ਸੂਬੇ ਵਿੱਚ ਸਭ ਤੋਂ ਵੱਧ ਕੇਸ ਇੱਥੋਂ ਹੀ ਆ ਰਹੇ ਹਨ। ਅਜੇ ਵੀ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ।


ਮੁਹਾਲੀ ਜ਼ਿਲ੍ਹੇ ਵਿੱਚ 350 ਤੋਂ ਵੱਧ ਪਿੰਡ ਹਨ। ਇਸ ਸਾਲ 15 ਸਤੰਬਰ ਤੋਂ 15 ਨਵੰਬਰ ਤੱਕ ਪਰਾਲੀ ਸਾੜਨ ਦੇ 132 ਮਾਮਲੇ ਦਰਜ ਕੀਤੇ ਗਏ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 161 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਜਦੋਂ ਕਿ 2021 ਵਿੱਚ ਇਸੇ ਸਮੇਂ ਦੌਰਾਨ ਖੇਤਾਂ ਵਿੱਚ ਅੱਗ ਲੱਗਣ ਦੀਆਂ 200 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਸੁਪਰੀਮ ਕੋਰਟ ਦੀ 7 ਨਵੰਬਰ ਦੀ ਚੇਤਾਵਨੀ ਤੋਂ ਬਾਅਦ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।


60 ਦਿਨਾਂ ਵਿੱਚ ਕਿੰਨੀ ਸਾੜੀ ਗਈ ਪਰਾਲੀ?


ਜ਼ਿਲ੍ਹਾ - 2021 - 2022 - 2023
ਪਠਾਨਕੋਟ - 5 - 1 - 3
ਰੋਪੜ - 289 - 242 - 45
ਹੁਸ਼ਿਆਰਪੁਰ - 318 - 250 - 108
ਮੋਹਾਲੀ - 200 162 - 132
ਨਵਾਂਸ਼ਹਿਰ - 337 - 259 - 220
ਮਲੇਰਕੋਟਲਾ - 1337 - 647 - 367
ਗੁਰਦਾਸਪੁਰ - 1372 - 836 - 374
ਫਾਜ਼ਿਲਕਾ - 1699 - 2021 - 735
ਫਤਹਿਗੜ੍ਹ ਸਾਹਿਬ - 1615 - 1131 - 861
ਕਪੂਰਥਲਾ - 1760 - 1253 - 928
ਜਲੰਧਰ - 2436 - 1323 - 1039
ਮੁਕਤਸਰ - 3989 - 2870 - 1215
ਅੰਮ੍ਰਿਤਸਰ - 2096 - 1525 - 1517
ਲੁਧਿਆਣਾ - 5554 - 2421 - 1524
ਫਰੀਦਕੋਟ - 3747 - 2304 - 1554
ਮੋਗਾ - 6235 - 3185 - 1708
ਪਟਿਆਲਾ - 5024 - 3306 - 1767
ਬਰਨਾਲਾ - 4220 - 2772 - 1850
ਤਰਨਤਾਰਨ - 4060 - 3147 - 1942
ਮਾਨਸਾ - 2848 - 2562 - 2146
ਬਠਿੰਡਾ-4166-4033-2417
ਫ਼ਿਰੋਜ਼ਪੁਰ - 5941 - 4019 - 2807
ਸੰਗਰੂਰ - 7622 - 5193 - 5223