ਗੁਰਦਾਸਪੁਰ: ਆਪਣੇ ਪੁੱਤਰ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਬਾਲੀਵੁੱਡ ਕਲਾਕਾਰ ਧਰਮਿੰਦਰ ਪੰਜਾਬ ਆ ਗਏ ਹਨ। ਇੱਥੇ ਆ ਕੇ ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਉਨ੍ਹਾਂ ਦੇ ਪੁੱਤਾਂ ਵਰਗਾ ਹੈ। ਇਹ ਬਿਆਨ ਸੁਣ ਕੇ ਕੋਈ ਵੀ ਹੈਰਾਨ ਹੋ ਸਕਦਾ ਹੈ ਕਿ ਆਖ਼ਰ ਧਰਮਿੰਦਰ ਆਪਣੇ ਪੁੱਤਰ ਦੇ ਵਿਰੋਧੀ ਉਮੀਦਵਾਰ ਨੂੰ ਧਰਮਿੰਦਰ ਆਪਣੇ ਪੁੱਤ ਸਮਾਨ ਕਿਓਂ ਕਹਿ ਰਹੇ ਹਨ।


ਦਰਅਸਲ, ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਨਾਲ ਧਰਮਿੰਦਰ ਦਾ ਪੁਰਾਣਾ ਤੇ ਨਿੱਘਾ ਰਿਸ਼ਤਾ ਰਿਹਾ ਹੈ। ਜਦੋਂ ਭਾਜਪਾ ਨੇ ਧਰਮਿੰਦਰ ਨੂੰ ਲੋਕ ਸਭਾ ਚੋਣਾਂ ਲਈ ਰਾਜਸਥਾਨ ਦੇ ਚੁਰੂ ਤੋਂ ਲੜਨ ਲਈ ਕਿਹਾ ਸੀ ਤਾਂ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ ਸੀ। ਕਾਰਨ ਸੀ ਕਿ ਚੁਰੂ ਤੋਂ ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਕਾਂਗਰਸ ਦੇ ਉਮੀਦਵਾਰ ਸਨ। ਉਨ੍ਹਾਂ ਕਿਹਾ ਕਿ ਬਲਰਾਮ ਜਾਖੜ ਲਈ ਚੋਣ ਪ੍ਰਚਾਰ ਵੀ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਟਿਆਲਾ ਤੋਂ ਚੋਣ ਲੜਨ ਦਾ ਵੀ ਆਫਰ ਆਇਆ ਸੀ। ਧਰਮਿੰਦਰ ਨੇ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਮੈਨੂੰ ਪਿਆਰ ਕਰਦੇ ਅਤੇ ਪਰਨੀਤ ਕੌਰ ਮੈਨੂੰ ਭਰਾ ਮੰਨਦੀ ਹੈ।

ਧਰਮਿੰਦਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਇੱਥੇ ਭਾਸ਼ਣ ਕਰਨ ਨਹੀਂ ਆਇਆ, ਗੱਲਾਂ ਕਰਨ ਆਇਆ ਹਾਂ। ਉਨ੍ਹਾਂ ਕਿਹਾ ਕਿ ਮੈਂ ਕੋਈ ਸਿਆਸਤਦਾਨ ਨਹੀਂ ਅਤੇ ਅਸੀਂ ਇੱਥੇ ਬਹਿਸ ਕਰਨ ਨਹੀਂ ਲੋਕਾਂ ਦੇ ਦਰਦ ਸੁਣਨ ਆਏ ਹਾਂ। ਧਰਮਿੰਦਰ ਨੇ ਕਿਹਾ ਕਿ ਅਸੀਂ ਚਲਾਕ ਲੋਕ ਨਹੀਂ, ਭਾਵੁਕ ਹਾਂ। ਉਨ੍ਹਾਂ ਕਿਹਾ ਕਿ ਵਿਨੋਦ ਖੰਨਾ ਨੇ ਵੀ ਚੰਗਾ ਕੰਮ ਕੀਤਾ ਅਤੇ ਹੁਣ ਅਸੀਂ ਗੁਰਦਾਸਪੁਰ 'ਚ ਰੱਜ ਕੇ ਕੰਮ ਕਰਾਵਾਂਗੇ।