ਅੰਮ੍ਰਿਤਸਰ: ਪੰਜਾਬ ਦੀ ਸਿਆਸਤ 'ਚ ਨਵੀਂ ਪਾਰਟੀ ਦਾ ਗਠਨ ਕਰਨ ਵਾਲੇ ਸੁਖਦੇਵ ਸਿੰਘ ਢੀਂਡਸਾ ਅੱਜ ਪਾਰਟੀ ਆਗੂਆਂ ਤੇ ਵਰਕਰਾਂ ਸਮੇਤ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਅਕਾਲੀ ਦਲ ਤੋਂ ਬਰਖਾਸਤ ਕੀਤੇ ਜਾਣ ਤੋਂ ਬਾਅਦ ਢੀਂਡਸਾ ਨੇ ਨਵੀਂ ਅਕਾਲੀ ਦਲ ਬਣਾ ਲਈ ਹੈ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ,
ਅੱਜ ਦੇ ਦਿਨ ਅਸੀਂ ਗੁਰੂ ਘਰ ਇਸ ਲਈ ਆਏ ਹਾਂ, ਕਿਉਂਕਿ ਅੱਜ ਦੇ ਦਿਨ ਲਾਹੌਰ ਵਿੱਚ ਅਕਾਲੀ ਦਲ ਦਾ ਸੰਵਿਧਾਨ ਬਣਿਆ ਸੀ ਤੇ ਅੱਜ ਦੇ ਦਿਨ ਹੀ ਐਮਰਜੈਂਸੀ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਸ਼ੁਰੂ ਕੀਤਾ ਸੀ। ਅਕਾਲੀ ਦਲ ਵੱਲੋਂ ਜਿਸ ਤਰ੍ਹਾਂ ਮਹੰਤਾਂ ਤੋਂ ਗੁਰੂ ਘਰਾਂ ਨੂੰ ਆਜ਼ਾਦ ਕਰਾਇਆ ਗਿਆ ਤੇ ਐਮਰਜੈਂਸੀ ਦੌਰਾਨ ਡਿਕਟੇਟਰਸ਼ਿਪ ਖਿਲਾਫ ਲੜੇ, ਉਸੇ ਤਰਾਂ ਅਸੀਂ ਵੀ ਐਸਜੀਪੀਸੀ ਵਿੱਚ ਹੁੰਦੇ ਘਪਲਿਆਂ ਤੇ ਕੁਪ੍ਰਬੰਧਾਂ ਖਿਲਾਫ ਸੰਘਰਸ਼ ਸ਼ੁਰੂ ਕੀਤਾ ਹੈ।-
ਇਸ ਦੌਰਾਨ ਟਕਸਾਲੀ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਢੀਂਡਸਾ ਤੇ ਧੋਖਾ ਦੇਣ ਦੇ ਇਲਜ਼ਾਮ ਲਾਉਣ ਤੇ ਉਨ੍ਹਾਂ ਕਿਹਾ,
ਮੈਂ ਕਦੀ ਉਨ੍ਹਾਂ ਨੂੰ ਇਹ ਨਹੀਂ ਕਿਹਾ ਕਿ ਮੈਂ ਆਪਣੇ ਬੇਟੇ ਨੂੰ ਮੁੱਖ ਮੰਤਰੀ ਬਣਾਉਣਾ ਹੈ। ਰਣਜੀਤ ਬ੍ਰਹਮਪੁਰਾ ਨੇ ਮੈਨੂੰ ਉਨ੍ਹਾਂ ਨੇ ਅਕਾਲੀ ਦਲ ਟਕਸਾਲੀ ਦਾ ਪ੍ਰਧਾਨ ਬਣਨ ਦਾ ਪ੍ਰਸਤਾਵ ਦਿੱਤਾ ਸੀ ਪਰ ਮੇਰੇ ਸਮਰਥਕਾਂ ਨੇ ਨਵੇਂ ਅਕਾਲੀ ਦਲ ਨੂੰ ਬਣਾਉਣ ਦੀ ਸਲਾਹ ਦੇਣ ਤੇ ਅਕਾਲੀ ਦਲ ਦਾ ਗਠਨ ਕੀਤਾ। ਜੇਕਰ ਟਕਸਾਲੀ ਦਲ ਦੇ ਨੇਤਾ ਮੇਰੇ ਨਾਲ ਆ ਗਏ ਤਾਂ ਮੇਰਾ ਕਿ ਕਸੂਰ ਹੈ।-