ਪਟਿਆਲਾ: ਜੇ ਤੁਸੀਂ ਪਟਿਆਲਾ ਜ਼ਿਲ੍ਹਾ ਦੇ ਹੈੱਡਕੁਆਰਟਰ ਤੋਂ 30 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਗੱਜੂ ਮਾਜਰਾ ਪਿੰਡ ਦਾ ਦੌਰਾ ਕਰੋ ਤੇ ਤੁਹਾਡੇ ਕੋਲ ਕੈਸ਼ ਨਹੀਂ ਤਾਂ ਤੁਹਾਨੂੰ ਭੁਗਤਾਨ ਕਰਨ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਇੱਥੇ ਹਰ ਦੁਕਾਨਦਾਰ ਡਿਜ਼ੀਟਲ ਭੁਗਤਾਨ ਨੂੰ ਸਵੀਕਾਰਦਾ ਹੈ।


ਇੱਥੋਂ ਤਕ ਕਿ ਪਿੰਡ 'ਚ ਸਟ੍ਰੀਟ ਫੂਡ ਵਿਕਰੇਤਾ ਡਿਜੀਟਲ ਪਲੇਟਫਾਰਮਸ ਰਾਹੀਂ ਭੁਗਤਾਨ ਸਵੀਕਾਰ ਕਰ ਰਹੇ ਹਨ। ਅਨਪੜ੍ਹ ਯਾਤਰੀਆਂ ਤੇ ਪਿੰਡ ਦੇ ਵਸਨੀਕਾਂ ਨੂੰ ਵੀ ਅੰਗੂਠੇ ਦੀ ਵਰਤੋਂ ਕਰਦਿਆਂ ਡਿਜੀਟਲ ਭੁਗਤਾਨ ਕੀਤੇ ਵੇਖਿਆ ਜਾ ਸਕਦਾ ਹੈ। ਉਹ ਆਧਾਰ-ਸਮਰੱਥ ਅਦਾਇਗੀ ਪ੍ਰਣਾਲੀਆਂ ਨਾਲ ਭੁਗਤਾਨ ਕਰਦੇ ਹਨ। ਇੱਥੋਂ ਤਕ ਕਿ ਪਿੰਡ ਨੂੰ ਪੰਜਾਬ ਦਾ ਪਹਿਲਾ ਡਿਜੀਟਲ ਪਿੰਡ ਐਲਾਨਿਆ ਜਾ ਚੁੱਕਾ ਹੈ।

ਪਿੰਡ 'ਚ ਲਗਪਗ 15 ਦੁਕਾਨਦਾਰ ਨੇ, ਜਿਨ੍ਹਾਂ 'ਚ ਜਨਰਲ ਸਟੋਰਾਂ ਤੇ ਨਾਈ ਦੀਆਂ ਦੁਕਾਨਾਂ ਦੇ ਮਾਲਕ ਵੀ ਸ਼ਾਮਲ ਹਨ। ਇਨ੍ਹਾਂ ਦੀ ਪਹਿਲਕਦਮੀ ਦਾ ਸਮਰਥਨ ਕਰਨ ਲਈ ਸਟੇਟ ਬੈਂਕ ਆਫ਼ ਇੰਡੀਆ ਨੇ ਉਨ੍ਹਾਂ ਨੂੰ ਥੰਮ ਇੰਪ੍ਰੈਸ਼ਨ ਵਾਲੇ ਰੀਡਿੰਗ ਮੁਹੱਈਆ ਕਰਵਾਈ ਹੈ ਤਾਂ ਜੋ ਕੋਈ ਵੀ ਜਿਸ ਦਾ ਬੈਂਕ ਖਾਤਾ ਆਪਣੇ ਅਧਾਰ ਨੰਬਰ ਨਾਲ ਜੁੜਿਆ ਹੋਵੇ, ਉਹ ਡਿਜੀਟਲ ਭੁਗਤਾਨ ਕਰ ਸਕੇ।

ਸਥਾਨਕ ਸਰਕਾਰੀ ਸਕੂਲ ਦੇ ਨਜ਼ਦੀਕ ਫਾਸਟ ਫੂਡ ਵੇਚਣ ਵਾਲੇ 34 ਸਾਲਾ ਵਿਕਰਮਜੀਤ ਸਿੰਘ ਨੇ ਕਿਹਾ, “ਮੈਂ ਐਸਬੀਆਈ ਦਾ ਮੋਬਾਈਲ ਐਪਲੀਕੇਸ਼ਨ ਯੋਨੋ ਡਾਊਨਲੋਡ ਕੀਤਾ ਹੈ ਤੇ ਬੈਂਕ ਦੁਆਰਾ ਨਿਰਦੇਸ਼ ਦਿੱਤੇ ਅਨੁਸਾਰ ਇਸ ਨਾਲ ਮੇਰਾ ਬੈਂਕ ਖਾਤਾ ਜੁੜ ਗਿਆ ਹੈ।”

ਤਰਸੇਮ ਸਿੰਘ (54) ਜੋ ਆਪਣੇ ਬੇਟੇ ਸਮੇਤ ਪਿੰਡ 'ਚ ਇੱਕ ਜਨਰਲ ਸਟੋਰ ਚਲਾਉਂਦਾ ਹੈ ਨੇ ਕਿਹਾ, “ਲੋਕ ਡਿਜੀਟਲ ਭੁਗਤਾਨ ਵਿਧੀਆਂ ਰਾਹੀਂ 10 ਰੁਪਏ ਤੱਕ ਦੀ ਰਾਸ਼ੀ ਦਾ ਭੁਗਤਾਨ ਵੀ ਕਰਦੇ ਹਨ।"

ਪਿੰਡ ਵਿੱਚ ਸਥਿਤ ਐਸਬੀਆਈ ਦੀ ਸ਼ਾਖਾ ਦੇ ਮੈਨੇਜਰ ਅਮਿਤ ਕੁਮਾਰ ਸਿਨਹਾ ਨੇ ਕਿਹਾ, “ਅਸੀਂ ਇਸ ਪਿੰਡ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾਉਣ ਲਈ ਦੋ ਮਹੀਨੇ ਪਹਿਲਾਂ ਅਪਣਾਇਆ ਸੀ। ਦੁਕਾਨਦਾਰਾਂ ਨੇ ਡਿਜੀਟਲ ਅਦਾਇਗੀਆਂ ਨੂੰ ਸਵੀਕਾਰਨਾ ਸ਼ੁਰੂ ਕਰ ਦਿੱਤਾ ਹੈ, ਪਰ ਲੋਕਾਂ 'ਚ ਅਜੇ ਵੀ ਜਾਗਰੂਕਤਾ ਦੀ ਘਾਟ ਹੈ।"