ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਕਿਸਾਨ ਦਿੱਲੀ ਦੀਆਂ ਹੱਦਾਂ 'ਤੇ ਡਟੇ ਹਨ। ਇਸ ਅੰਦੋਲਨ ਨੂੰ ਪੰਜਾਬ ਦੇ ਹਰ ਵਰਗ ਦਾ ਸਮਰਥਨ ਮਿਲੀਆ ਹੈ। ਖਾਸਕਰ ਪੰਜਾਬੀ ਕਲਾਕਾਰ ਤੇ ਅਦਾਕਾਰਾਂ ਨੇ ਕਿਸਾਨੀ ਅੰਦੋਲਨ ਨੂੰ ਭਰਵਾਂ ਹੁੰਗਰਾ ਦਿੱਤਾ ਹੈ। ਇਸ ਦੌਰਾਨ ਬਾਲੀਵੁੱਡ 'ਚ ਮਸ਼ਹੂਰ ਪੰਜਾਬ ਦੇ ਸੁਪਰ ਸਟਾਰ ਦਿਲਜੀਤ ਦੌਸਾਂਝ ਨੇ ਵੀ ਵੱਧ ਚੜ੍ਹਕੇ ਯੋਗਦਾਨ ਪਾਇਆ। ਦਿਲਜੀਤ ਇਸ ਅੰਦੋਲਨ ਦੌਰਾਨ ਅਦਾਕਾਰਾਂ ਕੰਗਨਾ ਰਣੌਤ ਨਾਲ ਤੂੰ-ਤੂੰ ਮੈਂ-ਮੈਂ ਕਰਕੇ ਵੀ ਚਰਚਾ 'ਚ ਰਹੇ।


ਚਰਚਾ ਹੈ ਕਿ ਹੁਣ ਦਿਲਜੀਤ ਨੂੰ ਇਨਕਮ ਵਿਭਾਗ ਵੱਲੋਂ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਪਤਾ ਲੱਗਾ ਹੈ ਕਿ ਲੀਗਲ ਰਾਈਟਸ ਆਬਜ਼ਰਵੇਟਰੀ (LRO) ਵੱਲੋਂ ਦਾਇਰ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਇਨਕਮ ਟੈਕਸ ਵਿਭਾਗ ਨੇ ਦਿਲਜੀਤ ਦੋਸਾਂਝ ਵੱਲੋਂ ਯੂਕੇ/ਕੈਨੇਡਾ ਤੋਂ ਕਥਿਤ ਤੌਰ ’ਤੇ ਦਿੱਤੇ ਗਏ ਫੰਡਾਂ ਦੀ ਜਾਂਚ ਸ਼ੁਰੂ ਕੀਤੀ ਹੈ। ਮੀਡੀਆ ਰਿਪੋਰਟ ਮੁਤਾਬਕ ਇਸ ਦੌਰਾਨ ਦਿਲਜੀਤ ਦੌਸਾਂਝ ਦੇ ਨਾਲ-ਨਾਲ ਪੰਜਾਬੀ ਮਿਊਜ਼ਿਕ ਲੇਬਲ ਸਪੀਡ ਰਿਕਾਰਡਜ਼ ਦੀ ਭੂਮਿਕਾ ਵੀ ਇਨਕਮ ਟੈਕਸ ਵਿਭਾਗ ਦੀ ਨਿਗਰਾਨੀ ਹੇਠ ਹੈ।





ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲੀਗਲ ਰਾਈਟਸ ਅਬਜ਼ਰਵੇਟਰੀ (LRO) ਵੱਲੋਂ 27 ਦਸੰਬਰ ਨੂੰ ਵਿਜੇ ਪਟੇਲ ਵੱਲੋਂ ਕੀਤੀ ਗਈ ਖੋਜ ਦੇ ਅਧਾਰ 'ਤੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਸਪੀਡ ਰਿਕਾਰਡਜ਼ ਨਾਮ ਦੀ ਕੰਪਨੀ ਮਨੀ ਲਾਂਡਰਿੰਗ ਤੇ ਪੈਸੇ ਦੀ ਰੂਟਿੰਗ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈ ਤੇ ਕਿਸਾਨ ਅੰਦੋਲਨ ਨੂੰ ਫੰਡਿੰਗ ਕਰ ਰਹੀ ਹੈ। ਇਸ ਦਾ ਸਬੰਧ ਖਾਲਸਾ ਏਡ ਨਾਲ ਵੀ ਹੈ। LRO ਵੱਲੋਂ ਆਪਣੀ ਸ਼ਿਕਾਇਤ ਵਿਚ ਇਹ ਦੋਸ਼ ਲਾਇਆ ਗਿਆ ਹੈ ਕਿ ਸਪੀਡ ਰਿਕਾਰਡਜ਼ ਸਾਲ 2011 ਤੋਂ 2020 ਤੱਕ ਵੱਖ-ਵੱਖ ਨਾਵਾਂ ਨਾਲ ਆਪਣੇ ਆਪ ਨੂੰ ਰਜਿਸਟਰ ਕਰਵਾਉਂਦਾ ਰਿਹਾ ਹੈ।


ਸ਼ਿਕਾਇਤਕਰਤਾ ਮੁਤਾਬਕ ਸਪੀਡ ਰਿਕਾਰਡਜ਼, ਯੂਕੇ ਨਾਮ ਦੀ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਵਿੱਚ ਕਾਕਾ ਸਿੰਘ ਮੋਹਨਵਾਲੀਆ ਉਰਫ ਸੁਦੀਪ ਸਿੰਘ ਖੱਖ ਨੂੰ ਡਾਇਰੈਕਟਰ ਵਜੋਂ ਸ਼ਾਮਲ ਕੀਤਾ ਗਿਆ ਸੀ ਜੋ ਇੱਕ ਨਿਰੰਤਰ ਕੰਪਨੀ ਸੀ। ਇਸ ਦੇ ਨਾਲ ਹੀ ਦਿਨੇਸ਼ ਔਲਖ ਜੋ ਸਪੀਡ ਰਿਕਾਰਡਜ਼ ਇੰਡੀਆ ਦਾ ਮਾਲਕ ਹੈ, ਨੇ ਕੰਪਨੀ ਦੀ ਸਥਾਪਨਾ ਤੋਂ ਇੱਕ ਮਹੀਨੇ ਬਾਅਦ ਹੀ 5 ਅਗਸਤ 2013 ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕੰਪਨੀ ਨੂੰ ਬਾਅਦ ਵਿੱਚ 9 ਸਤੰਬਰ 2014 'ਚ ਭੰਗ ਕਰ ਦਿੱਤਾ ਗਿਆ।





ਇਸ ਤਰ੍ਹਾਂ ਸ਼ਿਕਾਇਤਕਰਤਾ ਨੇ ਹੋਰ ਸ਼ੈਲ ਕੰਪਨੀਆਂ ਵਿੱਚ ਵੀ ਅਜਿਹੀਆਂ ਬੇਨਿਯਮੀਆਂ ਵੇਖੀਆਂ ਤੇ ਉਨ੍ਹਾਂ ਦਾ ਜ਼ਿਕਰ ਕੀਤਾ। ਸਪੀਡ ਯੂਕੇ ਰਿਕਸ (Speed UK Recs Ltd) ਦੇ ਨਾਲ ਇਕ ਹੋਰ ਕੰਪਨੀ 21 ਜੂਨ 2013 ਨੂੰ ਸ਼ੁਰੂ ਕੀਤੀ ਗਈ ਸੀ। ਦਿਨੇਸ਼ ਔਲਖ 8 ਜੁਲਾਈ 2013 ਨੂੰ ਇਸ ਕੰਪਨੀ ਵਿਚ ਸ਼ਾਮਲ ਹੋਏ ਤੇ 20 ਜੁਲਾਈ 2013 ਨੂੰ ਸਿਰਫ 12 ਦਿਨਾਂ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਗਏ। ਇਹ ਕੰਪਨੀ ਵੀ 3 ਫਰਵਰੀ 2015 ਨੂੰ ਭੰਗ ਹੋ ਗਈ।


ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਕਿ ਸਪੀਡ ਯੂਕੇ ਰਿਕਾਰਡਜ਼ ਲਿਮਟਿਡ ਇੱਕ ਹੋਰ ਕੰਪਨੀ ਸੀ ਜਿਸ ਨੂੰ 19 ਅਗਸਤ 2013 ਨੂੰ ਸ਼ੁਰੂ ਕੀਤਾ ਗਿਆ ਸੀ ਤੇ 31 ਮਾਰਚ 2015 ਨੂੰ ਇਹ ਕੰਪਨੀ ਵੀ ਭੰਗ ਕਰ ਦਿੱਤਾ ਗਈ ਸੀ। ਇਸ 'ਚ ਅਹੁਦੇਦਾਰ ਸਨਦੀਪ ਸਿੰਘ ਖੱਖ ਤੇ ਡਾ. ਸਰਪ੍ਰੀਤ ਸਿੰਘ ਮਹਿਤ ਸੀ।ਇਕ ਹੋਰ ਕੰਪਨੀ, ਅਰਥਾਤ ਸਪੀਡ ਰਿਕਾਰਡਜ਼ ਲਿਮਟਿਡ, ਨੂੰ 20 ਜੁਲਾਈ 2020 ਨੂੰ ਸਿਰਫ ਇੱਕ ਡਾਇਰੈਕਟਰ, ਡਾ. ਗੁਰਪ੍ਰੀਤ ਸਿੰਘ ਧਰਮਰਤ ਨਾਲ ਸ਼ਾਮਲ ਕੀਤਾ ਗਿਆ ਸੀ।







ਇਸ ਦੌਰਾਨ ਸ਼ਿਕਾਇਤਕਰਤਾ ਨੇ ਦੇਸ਼ ਵਿਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਸਮਰਥਨ ਦੇਣ ਲਈ ਅਦਾਕਾਰ-ਗਾਇਕ ਦਿਲਜੀਤ ਦੁਸਾਂਝ ਦੀ ਸ਼ਮੂਲੀਅਤ ਤੇ ਵੀ ਸਵਾਲ ਚੁੱਕੇ ਹਨ।ਉਸਦਾ ਦੋਸ਼ ਹੈ ਕਿ ਦਿਲਜੀਤ ਦਾ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਲਈ ਪੈਸੇ ਦੀ ਲਾਂਡਰਿੰਗ ਤੇ ਰੂਟਿੰਗ ਵਿਚ ਸ਼ਮੂਲੀਅਤ ਹੈ। ਉਸ ਨੇ ਦੋਸ਼ ਲਾਇਆ ਕਿ ਫੇਮਸ ਸਟੂਡੀਓ ਲਿਮਟਿਡ ਨਾਮ ਦੀ ਇੱਕ ਹੋਰ ਕੰਪਨੀ ਨੂੰ 9 ਅਗਸਤ 2016 ਨੂੰ ਸ਼ੁਰੂ ਕੀਤਾ ਗਿਆ ਸੀ ਤੇ 16 ਜਨਵਰੀ 2018 ਨੂੰ ਡਾਇਰੈਕਟਰ ਸੁਦੀਪ ਸਿੰਘ ਖੱਖ ਤੇ ਦਲਜੀਤ ਸਿੰਘ ਨਾਲ ਭੰਗ ਕਰ ਦਿੱਤਾ ਗਿਆ।


ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਦਿਲਚਸਪ ਗੱਲ ਇਹ ਹੈ ਕਿ ਦਲਜੀਤ ਸਿੰਘ ਦਾ ਜਨਮ ਉਸੇ ਮਹੀਨੇ ਤੇ ਸਾਲ ਜਨਵਰੀ 1984 ਵਿੱਚ ਹੋਇਆ ਸੀ ਜਦੋਂ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਦਾ ਜਨਮ ਹੋਇਆ। ਹਾਲਾਂਕਿ, ਸ਼ਿਕਾਇਤ ਵਿਚ ਇਹ ਕਿਹਾ ਗਿਆ ਹੈ ਕਿ ਇਹ ਅਸਪਸ਼ਟ ਹੈ ਕਿ ਦੋਵੇਂ ਵਿਅਕਤੀ ਇਕੋ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਹ ਵੀ ਗੌਰ ਕਰਨਯੋਗ ਹੈ ਕਿ ਦਿਲਜੀਤ ਦੌਸਾਂਝ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਕ ਹੈ ਤੇ ਇਸ ਨੇ ਕਿਸਾਨਾਂ ਲਈ 1 ਕਰੋੜ ਰੁਪਏ ਦਾਨ ਵੀ ਕੀਤੇ ਹਨ।