ਅੰਮ੍ਰਿਤਸਰ: ਇਰਾਕ 'ਚ ਲਾਪਤਾ ਪੰਜਾਬੀਆਂ ਦੇ ਪਰਿਵਾਰਕ ਮੈਂਬਰ ਡੀ.ਐਨ.ਏ. ਟੈਸਟ ਲਈ ਖ਼ੂਨ ਦੇ ਨਮੂਨੇ ਦੇਣ ਲਈ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਪੁੱਜ ਗਏ ਹਨ। ਨਮੂਨੇ ਦੇਣ ਲਈ ਅੱਜ ਅੰਮ੍ਰਿਤਸਰ ਤੇ ਗੁਰਦਾਸਪੁਰ ਤੋਂ 8 ਨੌਜਵਾਨਾਂ ਦੇ ਪਰਿਵਾਰ ਪੁੱਜੇ ਹਨ। ਇਸ ਤੋਂ ਇਲਾਵਾ ਹਿਮਾਚਲ ਦੇ ਤਿੰਨ ਪਰਿਵਾਰਾਂ ਦੇ ਖ਼ੂਨ ਦੇ ਨਮੂਨੇ ਵੀ ਤਕਰੀਬਨ 1 ਮਹੀਨਾ ਪਹਿਲਾਂ ਹੀ ਲਏ ਜਾ ਚੁੱਕੇ ਹਨ।

ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਚਿੱਠੀ ਰਾਹੀਂ ਡੀ.ਐਨ.ਏ. ਨਮੂਨੇ ਇਕੱਤਰ ਕਰਵਾਉਣ ਲਈ ਇਸ ਲਈ ਕਿਹਾ ਸੀ ਤਾਂਜੋ ਮੋਸੂਲ ਵਿੱਚ ਮਿਲੇ ਲਾਵਾਰਿਸ ਪਿੰਜਰਾਂ ਨਾਲ ਡੀ.ਐਨ.ਏ. ਦਾ ਮੇਲ ਕਰ ਕੇ ਪੁਸ਼ਟੀ ਕੀਤੀ ਜਾ ਸਕੇ।

ਦੱਸ ਦੇਈਏ ਕਿ 21 ਅਕਤੂਬਰ ਨੂੰ ਵੀ ਡੀ.ਐਨ.ਏ. ਟੈਸਟ ਕਰਵਾਉਣ ਲਈ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਅੰਮ੍ਰਿਤਸਰ ਦੇ 8 ਨੌਜਵਾਨਾਂ ਦੇ ਪਰਿਵਾਰਾਂ ਨੂੰ ਬੁਲਾਇਆ ਗਿਆ ਸੀ, ਪਰ ਉਸ ਦਿਨ ਉਨ੍ਹਾਂ ਦਾ ਟੈਸਟ ਨਹੀਂ ਹੋ ਸਕਿਆ।

ਪ੍ਰਸ਼ਾਸਨ ਦੇ ਕਹਿਣ ‘ਤੇ ਇਹ ਪੀੜਤ ਪਰਿਵਾਰ ਮੈਡੀਕਲ ਕਾਲਜ ਤਾਂ ਆ ਗਏ ਸਨ ਪਰ ਇੱਥੇ ਉਨ੍ਹਾਂ ਨੂੰ ਇਹ ਕਹਿ ਕਿ ਵਾਪਸ ਮੋੜ ਦਿੱਤਾ ਗਿਆ ਸੀ ਕਿ ਹਾਲੇ ਕਾਲਜ ਵਿੱਚ ਡੀ.ਐਨ.ਏ. ਟੈਸਟ ਦੇ ਨਮੂਨੇ ਲੈਣ ਲਈ ਲੋੜੀਂਦੀ ਕਿੱਟ ਨਹੀਂ ਹੈ।

ਜ਼ਿਕਰਯੋਗ ਹੈ ਕਿ 2014 ਵਿੱਚ ਇਰਾਕ ਵਿੱਚ ਦਹਿਸ਼ਤਗਰਤ ਜੱਥੇਬੰਦੀ ਇਸਲਾਮਿਕ ਸਟੇਟ ਦੇ ਲੜਾਕਿਆਂ ਨੇ 39 ਭਾਰਤੀਆਂ ਨੂੰ ਅਗਵਾ ਕਰ ਲਿਆ ਸੀ। ਹਾਲਾਂਕਿ, ਜੁਲਾਈ 2017 ਵਿੱਚ ਇਰਾਕੀ ਫੌਜਾਂ ਨੇ ਮੋਸੂਲ ਸ਼ਹਿਰ ਨੂੰ ਆਈ.ਐਸ. ਦੇ ਕਬਜ਼ੇ ਵਿੱਚੋਂ ਛੁਡਵਾ ਲਿਆ ਸੀ ਪਰ ਉੱਥੇ ਇਨ੍ਹਾਂ ਭਾਰਤੀਆਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਮਿਲਿਆ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਈ ਵਾਰ ਇਹ ਕਿਹਾ ਹੈ ਕਿ ਸਰਕਾਰ ਇਨ੍ਹਾਂ ਅਗਵਾ ਕੀਤੇ ਨੌਜਵਾਨਾਂ ਦੀ ਭਾਲ ਲਈ ਚਾਰਾਜੋਈ ਕਰ ਰਹੀ ਹੈ।

ਇਰਾਕ ਵਿੱਚ ਅਗ਼ਵਾਕਾਰਾਂ ਦੇ ਚੁੰਗਲ ‘ਚੋਂ ਨਿਕਲ ਕੇ ਆਏ ਗੁਰਦਾਸਪੁਰ ਦੇ ਪਿੰਡ ਕਾਲਾ ਅਫ਼ਗਾਨਾ ਦੇ ਹਰਜੀਤ ਮਸੀਹ ਨੇ ਦੱਸਿਆ ਸੀ ਕਿ ਆਈ.ਐਸ. ਨੇ ਅਗ਼ਵਾ ਕੀਤੇ ਸਾਰੇ ਨੌਜਵਾਨਾਂ ਨੂੰ ਮਾਰ ਦਿੱਤਾ ਹੈ। ਅਗ਼ਵਾ ਹੋਏ 39 ਦੇ ਪਰਿਵਾਰ ਹੁਣ ਤਕ ਤਕਰੀਬਨ 14 ਵਾਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲ ਚੁੱਕੇ ਹਨ ਅਤੇ ਉਹ ਹਰ ਵਾਰ ਉਨ੍ਹਾਂ ਨੂੰ ਉਨ੍ਹਾਂ ਦੇ ਬੱਚੇ ਸੁਰੱਖਿਅਤ ਹਨ, ਕਹਿ ਕੇ ਭੇਜ ਦਿੰਦੀ ਸੀ।

ਜਦੋਂ ਮੋਸੂਲ ਤੋਂ ਦਹਿਸ਼ਤਗਰਦਾਂ ਨੂੰ ਖਦੇੜ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਸਾਰੇ ਪਰਿਵਾਰ ਆਪਣੇ ਬੱਚਿਆਂ ਦਾ ਹਾਲ ਜਾਣਨ ਲਈ ਬੇਚੈਨ ਸਨ। ਹੁਣ ਸਰਕਾਰ ਵੱਲੋਂ ਇਰਾਕ ਗਏ ਨੌਜਵਾਨਾਂ ਦੇ ਮਾਪਿਆਂ ਦੇ ਡੀ.ਐਨ.ਏ. ਟੈਸਟ ਦੇ ਫੁਰਮਾਨ ਨੇ ਪੀੜਤ ਪਰਵਾਰਾਂ ਦੇ ਹੌਸਲੇ ਤੋੜ ਦਿੱਤੇ ਹਨ। ਉਨ੍ਹਾਂ ਦੀ ਬੇਚੈਨੀ ਵਧਦੀ ਜਾ ਰਹੀ ਹੈ ਕਿ ਕਿਤੇ ਉਨ੍ਹਾਂ ਦੇ ਬੱਚਿਆਂ ਨੂੰ ਇਰਾਕ ਵਿੱਚ ਮਾਰ ਤਾਂ ਨਹੀਂ ਦਿੱਤਾ ਗਿਆ ਤੇ ਪਛਾਣ ਲਈ ਇਹ ਟੈਸਟ ਕਰਨ ਦੀ ਲੋੜ ਪੈ ਰਹੀ ਹੈ?