ਅੰਮ੍ਰਿਤਸਰ: ਡਾਕਟਰ ਇੰਦਰਬੀਰ ਸਿੰਘ ਨਿੱਜਰ ਚੀਫ਼ ਖਾਲਸਾ ਦੀਵਾਨ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ।ਅੱਜ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਦੀ ਚੋਣ ਕਰਵਾਈ ਗਈ।ਜਿਸ 'ਚ ਡਾ.ਇੰਦਬੀਰ ਸਿੰਘ ਖਾਲਸਾ ਨੇ 158 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ ਹੈ। ਇਸ ਚੋਣ ਪ੍ਰਕਿਰਿਆ ਵਿੱਚ 517 ਮੈਂਬਰਾਂ ਵਿਚੋਂ 332 ਮੈਂਬਰਾਂ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। 


ਡਾ. ਇੰਦਰਬੀਰ ਸਿੰਘ ਨਿੱਜਰ ਨੂੰ 243 ਵੋਟਾਂ ਪਈਆ ਹਨ ਉਥੇ ਹੀ ਸਰਬਜੀਤ ਸਿੰਘ ਖਾਲਸਾ ਨੂੰ 85 ਵੋਟਾਂ ਹੀ ਮਿਲੀਆ ਹਨ। 2 ਵੋਟਾਂ ਰੱਦ ਹੋ ਗਈਆ ਹਨ।ਚੀਫ ਖਾਲਸਾ ਦੀਵਾਨ ਦੇ ਤਤਕਾਲੀ ਪ੍ਰਧਾਨ ਨਿਰਮਲ ਸਿੰਘ ਦਾ ਸੰਖੇਪ ਬਿਮਾਰੀ ਦੇ ਚਲਦਿਆਂ ਦੇਹਾਂਤ ਹੋਣ ਕਾਰਨ ਸੰਸਥਾ ਦੇ ਸੰਵਿਧਾਨ ਅਨੁਸਾਰ 2 ਮਹੀਨੇ 'ਚ ਪ੍ਰਧਾਨ ਦੀ ਉਪਚੋਣ ਕਰਵਾਉਣ ਦਾ ਕੰਮ ਨੇਪਰੇ ਚਾੜ੍ਹਨਾ ਲਾਜ਼ਮੀ ਸੀ। 


ਇਸ ਦੇ ਲਈ ਅੱਜ ਬੇਲੇਟ ਪੇਪਰ ਰਾਹੀਂ ਵੋਟਾਂ ਪਾਈਆਂ ਗਈਆਂ। ਚੀਫ ਖਾਲਸਾ ਦੀਵਾਨ ਦੇ ਕੁਲ 517 ਮੈਂਬਰ ਹਨ ਜੋ ਕਿ ਪੰਜਾਬ , ਹਰਿਆਣਾ, ਮੁੰਬਈ, ਦਿੱਲੀ, ਕਾਨਪੁਰ ਸਮੇਤ ਵੱਖ ਵੱਖ ਸੂਬਿਆਂ ਨਾਲ ਸਬੰਧਿਤ ਹਨ। ਚੀਫ ਖਾਲਸਾ ਦੀਵਾਨ ਦੇ ਨਵਨਿਯੁਕਤ ਪ੍ਰਧਾਨ ਡਾਕਟਰ ਨਿੱਜਰ ਨੇ ਦੀਵਾਨ ਦੇ ਮੁੱਖ ਦਫ਼ਤਰ 'ਚ ਸਥਿਤ ਗੁਰੂਦੁਆਰਾ ਸਾਹਿਬ 'ਚ ਨਤਮਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਲਿਆ।


ਪ੍ਰਧਾਨ ਨੇ ਆਪਣੀ ਵੱਡੀ ਜਿੱਤ ਲਈ ਗੁਰੂ ਰਾਮਦਾਸ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਆਪਣੇ 'ਚ ਵਿਸ਼ਵਾਸ਼ ਜਤਾਉਣ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਮਿਲੀ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਸਿੱਖੀ ਅਤੇ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਉਨ੍ਹਾਂ ਦਾ ਮੁੱਖ ਟੀਚਾ ਰਹੇਗਾ ਅਤੇ ਸੰਸਥਾ ਦੀ ਅਗਵਾਈ ਹੇਠ ਚੱਲ ਰਹੇ ਸਕੂਲ ਕਾਲਜਾਂ ਚ ਘਟ ਖਰਚੇ ਤੇ ਉੱਚ ਮਿਆਰੀ ਸਿੱਖਿਆ ਮੁਹਈਆ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਸ਼ਾਨਾਮੱਤੀ ਸੰਸਥਾ ਦੀਆਂ ਪ੍ਰਾਪਤੀਆਂ ਤੇ ਗਤੀਵਿਧੀਆਂ ਤੋਂ ਦੁਨੀਆ ਨੂੰ ਜਾਣੂ ਕਰਵਾਉਣ ਲਈ ਵਿਸ਼ੇਸ਼ ਆਈ ਟੀ ਟੀਮ ਤਿਆਰ ਕੀਤੀ ਜਾਵੇਗੀ।