ਡਾ. ਧਰਮਵੀਰ ਗਾਂਧੀ ਦਾ ਪੰਜਾਬ ਕਾਂਗਰਸ ਵਿੱਚ ਸਵਾਗਤ ਕਰਦਿਆਂ ਪੰਜਾਬ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਡਾ ਗਾਂਧੀ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਾ ਪਾਰਟੀ ਲਈ ਇੱਕ ਅਨਮੋਲ ਸੰਪਤੀ ਸਾਬਤ ਹੋਵੇਗਾ। 


ਉਨ੍ਹਾਂ ਕਿਹਾ ਕਿ ਡਾ. ਗਾਂਧੀ ਦਾ ਪੰਜਾਬ ਕਾਂਗਰਸ ਵਿਚ ਸ਼ਾਮਲ ਹੋਣਾ ਨਾ ਸਿਰਫ ਕਾਂਗਰਸ ਲਈ ਸਗੋਂ ਦੇਸ਼ ਦੀਆਂ ਸਾਰੀਆਂ ਲੋਕਤੰਤਰ ਪੱਖੀ ਤਾਕਤਾਂ ਲਈ ਇਕ ਸ਼ੁੱਭ ਸੰਕੇਤ ਹੈ। ਬਾਜਵਾ ਨੇ ਕਿਹਾ ਕਿ ਕਈ ਤਾਕਤਾਂ, ਜਿਨ੍ਹਾਂ ਨੇ ਪਹਿਲਾਂ ਦੇਸ਼ ਭਰ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਛੱਡ ਦਿੱਤਾ ਸੀ, ਹੁਣ ਭਾਰਤ ਦੇ ਸੰਵਿਧਾਨ, ਲੋਕਤੰਤਰੀ ਸੰਸਥਾਵਾਂ ਅਤੇ ਲੋਕਤੰਤਰ ਨੂੰ ਬਚਾਉਣ ਲਈ ਹੱਥ ਮਿਲਾ ਰਹੀਆਂ ਹਨ। 


ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਡਾ. ਗਾਂਧੀ ਅਜਿਹੇ ਵਿਚਾਰਕ ਨਹੀਂ ਹਨ, ਜਿਨ੍ਹਾਂ ਨੂੰ ਰਾਤੋ-ਰਾਤ ਕਿਸੇ ਪਾਰਟੀ 'ਚ ਸ਼ਾਮਿਲ ਕੀਤਾ ਜਾ ਸਕੇ। ਜਦੋਂ ਜ਼ਾਲਮ ਸ਼ਾਸਨ ਦੁਆਰਾ ਭਾਰਤੀ ਲੋਕਤੰਤਰੀ ਢਾਂਚੇ ਨੂੰ ਖਤਮ ਕੀਤਾ ਜਾ ਰਿਹਾ ਸੀ, ਡਾ ਗਾਂਧੀ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 1 ਵਿੱਚ ਉਮੀਦ ਦੀ ਕਿਰਨ ਵੇਖੀ। ਉਨ੍ਹਾਂ ਨੇ ਦੋ ਦਿਨਾਂ ਲਈ ਇਸ ਯਾਤਰਾ ਵਿੱਚ ਹਿੱਸਾ ਵੀ ਲਿਆ। 


ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਪੰਜਾਬ ਕਾਂਗਰਸ ਵਿਚ ਹਰ ਕਿਸੇ ਦੀ ਰਾਏ ਹੈ, ਕਿ ਜੇ ਡਾ ਗਾਂਧੀ ਵਰਗੇ ਲੋਕ ਕਾਂਗਰਸ ਵਿਚ ਸ਼ਾਮਲ ਹੁੰਦੇ ਹਨ ਤਾਂ ਇਹ ਲੋਕਤੰਤਰ ਪੱਖੀ ਤਾਕਤਾਂ ਲਈ ਵੱਡਾ ਹੁਲਾਰਾ ਹੋਵੇਗਾ। 


ਉਨ੍ਹਾਂ ਕਿਹਾ ਕਿ ਉਹ ਨਾ ਸਿਰਫ਼ ਇਕ ਸ਼ਾਨਦਾਰ ਨੇਤਾ ਹਨ ਬਲਕਿ ਇਕ ਸਨਮਾਨਜਨਕ ਸ਼ਖ਼ਸੀਅਤ ਵੀ ਹਨ। ਪੰਜਾਬ ਦੇ ਲੋਕਾਂ ਲਈ ਉਨ੍ਹਾਂ ਦੀਆਂ ਨਿਸ਼ਕਾਮ ਸੇਵਾਵਾਂ ਬੇਮਿਸਾਲ ਹਨ। ਡਾ. ਗਾਂਧੀ ਇੱਕ ਪ੍ਰਸਿੱਧ ਕਾਰਡੀਓਲੋਜਿਸਟ ਹਨ, ਜੋ ਅਕਸਰ ਸਮਾਜ ਦੇ ਕਮਜ਼ੋਰ ਵਰਗਾਂ ਨਾਲ ਸਬੰਧਤ ਲੋਕਾਂ ਨੂੰ ਮੁਫ਼ਤ ਸੇਵਾਵਾਂ ਪ੍ਰਦਾਨ ਕਰਦੇ ਹਨ। 



ਬਾਜਵਾ ਨੇ ਰਛਪਾਲ ਸਿੰਘ ਜੌੜਾਮਾਜਰਾ (ਕਿਸਾਨ ਆਗੂ), ਐਡਵੋਕੇਟ ਹਰਮੀਤ ਕੌਰ ਬਰਾੜ, ਪ੍ਰੋਫੈਸਰ ਨਰਿੰਦਰ ਸੰਧੂ, ਸੁਮਿਤ ਭੁੱਲਰ ਅਤੇ ਅਮਰ ਢੋਲੇਵਾਲ ਸਮੇਤ ਹੋਰਨਾਂ ਲੋਕਾਂ ਦਾ ਕਾਂਗਰਸ ਵਿੱਚ ਸ਼ਾਮਲ ਹੋਣ 'ਤੇ ਸਵਾਗਤ ਕੀਤਾ। 


ਉਨ੍ਹਾਂ ਕਿਹਾ ਕਿ ਭਾਰਤੀ ਸਿਆਸਤ ਤੇਜ਼ੀ ਨਾਲ ਤਾਨਾਸ਼ਾਹੀ ਵੱਲ ਵੱਧ ਰਹੀ ਹੈ। ਇਸ ਲਈ ਮੈਂ ਉਨ੍ਹਾਂ ਸਾਰੇ ਵਿਅਕਤੀਆਂ ਅਤੇ ਸਮੂਹਾਂ ਨੂੰ ਸੱਦਾ ਦਿੰਦਾ ਹਾਂ ਜੋ ਭਾਰਤ ਵਿਚ ਲੋਕਤੰਤਰ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੇ ਹਨ, ਉਹ ਕਾਂਗਰਸ ਨਾਲ ਹੱਥ ਮਿਲਾਉਣ।