Punjab Weather Update: ਪੰਜਾਬ ਵਿੱਚ ਪਿਛਲੀ ਵਾਰ ਹੜ੍ਹਾਂ ਨੇ ਤਬਾਹੀ ਮਚਾਈ ਸੀ ਪਰ ਇਸ ਵਾਰ ਸੋਕੇ ਦੇ ਹਾਲਾਤ ਬਣ ਰਹੇ ਹਨ। ਮਾਨਸੂਨ ਦੇ ਇਸ ਸੀਜ਼ਨ ਵਿੱਚ 40 ਫੀਸਦੀ ਘੱਟ ਬਾਰਸ਼ ਹੋਈ ਹੈ। ਇਸ ਤੋਂ ਅੱਗੇ ਵੀ ਬੰਗਾਲ ਦੀ ਖਾੜੀ 'ਚ ਬਣੇ ਦਬਾਅ ਕਾਰਨ ਮਾਨਸੂਨ ਪ੍ਰਭਾਵਿਤ ਹੋ ਰਹੀ ਹੈ। ਬਾਰਸ਼ ਨਾ ਹੋਣ ਕਾਰਨ ਪੰਜਾਬ ਦਾ ਪਾਰਾ ਮੁੜ 40 ਡਿਗਰੀ ਸੈਲਸੀਐਸ ਤੱਕ ਪਹੁੰਚ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਬੰਗਾਲ ਦੀ ਖਾੜੀ ਵਿੱਚ ਬਣਿਆ ਦਬਾਅ ਪੂਰੇ ਉੱਤਰੀ ਭਾਰਤ ਦੇ ਮਾਨਸੂਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਦਬਾਅ ਕਾਰਨ ਨਮੀ ਵਾਲੀਆਂ ਹਵਾਵਾਂ ਪੰਜਾਬ ਵੱਲ ਨਹੀਂ ਵਧ ਪਾ ਰਹੀਆਂ। ਇਸ ਕਾਰਨ ਮੌਸਮ ਵਿਭਾਗ ਵੱਲੋਂ 6-7 ਅਗਸਤ ਨੂੰ ਜਾਰੀ ਕੀਤਾ ਗਿਆ ਯੈਲੋ ਅਲਰਟ ਵੀ ਰੱਦ ਕਰ ਦਿੱਤਾ ਗਿਆ ਹੈ। ਹੁਣ ਉਮੀਦ ਹੈ ਕਿ 7 ਅਗਸਤ ਤੋਂ ਬਾਅਦ ਹੀ ਪੰਜਾਬ 'ਚ ਬਾਰਸ਼ ਹੋਵੇਗੀ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
ਦੱਸ ਦਈਏ ਕਿ ਪੰਜਾਬ ਵਿੱਚ 1 ਅਗਸਤ ਤੋਂ ਬਾਅਦ ਅਜੇ ਤੱਕ ਕੋਈ ਚੰਗੀ ਬਾਰਸ਼ ਨਹੀਂ ਹੋਈ। ਇਸ ਕਾਰਨ ਤਾਪਮਾਨ ਫਿਰ ਵਧਣਾ ਸ਼ੁਰੂ ਹੋ ਗਿਆ ਹੈ। ਐਤਵਾਰ ਨੂੰ ਤਾਪਮਾਨ ਪਿਛਲੇ ਦਿਨ ਨਾਲੋਂ 0.2 ਡਿਗਰੀ ਵੱਧ ਪਾਇਆ ਗਿਆ। ਮੌਸਮ ਵਿਭਾਗ ਕੇਂਦਰ (IMD) ਮੁਤਾਬਕ ਇਹ ਤਾਪਮਾਨ ਆਮ ਨਾਲੋਂ 1.9 ਡਿਗਰੀ ਵੱਧ ਹੈ।
ਪੰਜਾਬ ਦੇ ਬਹੁਤੇ ਸ਼ਹਿਰਾਂ ਦਾ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਐਤਵਾਰ ਨੂੰ ਫਾਜ਼ਿਲਕਾ ਦਾ ਤਾਪਮਾਨ 39.7 ਡਿਗਰੀ ਦਰਜ ਕੀਤਾ ਗਿਆ। ਜੇਕਰ ਆਉਣ ਵਾਲੇ ਦਿਨਾਂ 'ਚ ਬਾਰਸ਼ ਨਾ ਹੋਈ ਤਾਂ ਤਾਪਮਾਨ ਫਿਰ ਤੋਂ ਵਧਣਾ ਸ਼ੁਰੂ ਹੋ ਜਾਵੇਗਾ।
ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਇਸ ਪੂਰੇ ਸੀਜ਼ਨ ਵਿੱਚ ਹੁਣ ਤੱਕ 40 ਫੀਸਦੀ ਘੱਟ ਮੀਂਹ ਪਿਆ ਹੈ। 1 ਜੂਨ ਤੋਂ 4 ਅਗਸਤ ਤੱਕ ਪੰਜਾਬ ਵਿੱਚ 146.6 ਮਿਲੀਮੀਟਰ ਵਰਖਾ ਹੋਈ ਹੈ, ਜਦੋਂਕਿ ਪੰਜਾਬ ਵਿੱਚ ਇਨ੍ਹਾਂ ਦੋ ਮਹੀਨਿਆਂ ਵਿੱਚ 242.9 ਮਿਲੀਮੀਟਰ ਵਰਖਾ ਹੋਣੀ ਚਾਹੀਦੀ ਸੀ।
ਇਸ ਵਾਰ ਪੂਰੇ ਸੀਜ਼ਨ 'ਚ ਪੰਜਾਬ 'ਚ ਸਭ ਤੋਂ ਘੱਟ ਬਾਰਸ਼ ਫਤਿਹਗੜ੍ਹ ਸਾਹਿਬ 'ਚ ਹੋਈ ਹੈ। ਇੱਥੇ ਸਿਰਫ਼ 70.6 ਮਿਲੀਮੀਟਰ ਵਰਖਾ ਹੋਈ ਹੈ, ਜਦੋਂ ਕਿ ਦੋ ਮਹੀਨਿਆਂ ਵਿੱਚ 271.3 ਮਿਲੀਮੀਟਰ ਵਰਖਾ ਹੋਣੀ ਚਾਹੀਦੀ ਸੀ। ਇਸੇ ਤਰ੍ਹਾਂ ਐਸਏਐਸ ਨਗਰ ਵਿੱਚ 71 ਫੀਸਦੀ ਘੱਟ, ਰੂਪਨਗਰ ਵਿੱਚ 60 ਫੀਸਦੀ ਘੱਟ ਤੇ ਐਸਬੀਐਸ ਨਗਰ ਵਿੱਚ 64 ਫੀਸਦੀ ਘੱਟ ਮੀਂਹ ਪਿਆ ਹੈ। ਪੰਜਾਬ ਵਿੱਚ ਸਿਰਫ਼ ਚਾਰ ਜ਼ਿਲ੍ਹੇ ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ ਤੇ ਮਾਨਸਾ ਅਜਿਹੇ ਹਨ, ਜਿੱਥੇ ਆਮ ਮੀਂਹ ਦਰਜ ਕੀਤਾ ਗਿਆ ਹੈ।