ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਡਰ ਤੇ ਦੂਜਾ ਲੌਕਡਾਊਨ ਨੇ ਜ਼ਿੰਦਗੀ 'ਤੇ ਇਕਦਮ ਵਿਰ੍ਹਾਮ ਲਾ ਦਿੱਤਾ। ਇਸ ਦਾ ਨਤੀਜਾ ਕਿ ਇਨਸਾਨ ਚਾਹ ਕੇ ਵੀ ਬਿਨਾਂ ਜ਼ਰੂਰੀ ਕੰਮ ਘਰ ਤੋਂ ਬਾਹਰ ਨਹੀਂ ਨਿਕਲ ਸਕਦਾ। ਸੁਭਾਵਿਕ ਹੈ ਕਿ ਆਜ਼ਾਦੀ ਦੇ ਸ਼ੌਕੀਨ ਇਨਸਾਨ ਲਈ ਇਹ ਸਮਾਂ ਸਭ ਤੋਂ ਮੁਸ਼ਕਲ ਹੋਵੇਗਾ। ਇੰਨਾ ਹੀ ਨਹੀਂ ਜਦੋਂ ਸਾਰਾ ਕੁਝ ਬੰਦ ਪਿਆ ਹੈ ਤਾਂ ਆਰਥਿਕਤਾ ਵੀ ਲੀਹੋਂ ਲੱਥੀ ਹੈ ਪਰ ਇਸ ਦੌਰਾਨ ਉਹ ਸੰਭਵ ਹੋ ਸਕਿਆ ਜੋ ਸਮੇਂ ਦੀਆਂ ਸਰਕਾਰਾਂ ਦੇ ਵੱਸ ਤੋਂ ਬਾਹਰ ਸੀ। ਪੰਜਾਬ 'ਚ 22 ਮਾਰਚ ਤੋਂ ਸ਼ੁਰੂ ਹੋਏ ਕਰਫ਼ਿਊ ਨੇ ਨਸ਼ਾ ਤਸਕਰੀ ਨੂੰ ਸੱਟ ਮਾਰਦਿਆਂ ਇਸ ਦਾ ਗਰਾਫ਼ ਹੇਠਾਂ ਲੈ ਆਂਦਾ ਹੈ।


ਫਰਵਰੀ ਮਹੀਨੇ ਨਸ਼ਾ ਤਸਕਰੀ ਦੇ 815 ਕੇਸ ਦਰਜ ਹੋਏ ਜੋ ਮਾਰਚ ਵਿੱਚ 762 ਤੇ ਅਪ੍ਰੈਲ 'ਚ ਘਟ ਕੇ 154 ਰਹਿ ਗਏ। ਯਾਨੀ 40 ਫੀਸਦ ਕਮੀ ਦਰਜ ਕੀਤੀ ਗਈ। ਇੰਨਾ ਹੀ ਨਹੀਂ ਨਸ਼ੇ ਦੀ ਬਰਾਮਦਗੀ 'ਚ 50 ਫੀਸਦ ਕਮੀ ਦਰਜ ਕੀਤੀ ਗਈ ਹੈ। ਖ਼ਾਸ ਗੱਲ ਇਹ ਕਿ ਪਿਛਲੇ 25 ਦਿਨਾਂ 'ਚ ਨਸ਼ੇ ਨਾਲ ਇੱਕ ਵੀ ਮੌਤ ਦਾ ਮਾਮਲਾ ਸਾਹਮਣੇ ਨਹੀਂ ਆਇਆ।


ਪੰਜਾਬ ਸਰਕਾਰ ਦਾ ਵੀ ਇਹ ਮੰਨਣਾ ਕਿ ਲੌਕਡਾਊਨ ਕਾਰਨ ਨਸ਼ਾ ਤਸਕਰੀ ਦੀ ਕੜੀ ਟੁੱਟ ਰਹੀ ਹੈ। ਨਸ਼ਾ ਤਸਕਰੀ ਦੀ ਚੇਨ ਟੱਟਣ ਪਿੱਛੇ ਵੱਡਾ ਕਾਰਨ ਕਿ ਹੁਣ ਕੋਰੋਨਾ ਵਾਇਰਸ ਦੇ ਖਤਰੇ ਦੇ ਚੱਲਦਿਆਂ ਪਿੰਡਾਂ ਦੇ ਲੋਕਾਂ ਨੇ ਆਪਣੇ ਪੱਧਰ 'ਤੇ ਪਹਿਰਾ ਦੇਣਾ ਸ਼ੁਰੂ ਕੀਤਾ। ਇਸ ਕਾਰਨ ਕੋਈ ਅਮਪਛਾਤਾ ਵਿਅਕਤੀ ਪਿੰਡਾਂ 'ਚ ਦਾਖ਼ਲ ਨਹੀਂ ਹੋ ਸਕਦਾ ਤੇ ਬਾਹਰੋਂ ਆਏ ਵਿਅਕਤੀ ਨੂੰ ਪੂਰੀ ਪੁੱਛ ਪਾਲ ਕੀਤੇ ਬਿਨਾਂ ਪਿੰਡ 'ਚ ਵੜ੍ਹਨ ਨਹੀਂ ਦਿੱਤਾ ਜਾਂਦਾ। ਨਤੀਜਾ ਪਿੰਡਾਂ 'ਚ ਚਿੱਟਾ, ਭੁੱਕੀ, ਅਫ਼ੀਮ ਦੀ ਪਹੁੰਚ ਬੰਦ ਹੋ ਗਈ।


ਇਸ ਤੋਂ ਇਲਾਵਾ ਸੂਬਿਆਂ ਦੀਆਂ ਸਰਹੱਦਾਂ ਵੀ ਚੁਫੇਰਿਓਂ ਸੀਲ ਹੋਣ ਕਾਰਨ ਨਸ਼ਾ ਤਸਕਰੀ 'ਤੇ ਵੱਡਾ ਅਸਰ ਪਿਆ ਹੈ। ਦੂਜਾ ਲੌਕਡਾਊਨ ਕਾਰਨ ਟਰਾਂਸਪੋਰਟ ਵੀ ਬੰਦ ਹੈ। ਬਾਹਰੀ ਸੂਬਿਆਂ ਤੋਂ ਆਉਣ ਵਾਲੇ ਸਪਲਾਇਰ ਹੁਣ ਨਹੀਂ ਆ ਸਕਦੇ।


ਅਜਿਹੇ 'ਚ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਸਾਡੀ ਯੋਜਨਾ ਹੈ ਕਿ ਨਸ਼ਾ ਤਸਕਰੀ 'ਤੇ ਲੌਕਡਾਊਨ ਆਉਣ ਵਾਲੇ ਸਮੇਂ 'ਚ ਵੀ ਜਾਰੀ ਰਹੇ। ਇਸ ਲਈ ਹੁਣ ਵਿਸ਼ੇਸ਼ ਯੋਜਨਾ ਤਹਿਤ ਸਰਚ ਆਪ੍ਰੇਸ਼ਨ, ਕਮਿਊਨਿਟੀ ਪੁਲਿਸਿੰਗ ਦੇ ਨਾਲ ਲੋਕਾਂ 'ਚ ਭਰੋਸਾ ਬਣਾ ਕੇ ਕੰਮ ਕੀਤੇ ਜਾਵੇਗਾ। ਡੀਜੀਪੀ ਤੋਂ ਲੈ ਕੇ ਡੀਆਈਜੀ ਰੈਂਕ ਤਕ ਦੇ ਅਧਿਕਾਰੀਆਂ ਨੂੰ ਫੋਰਸ ਦੇ ਨਾਲ ਮੈਦਾਨ 'ਚ ਉਤਾਰਿਆ ਜਾਵੇਗਾ ਤਾਂ ਕਿ ਤਸਕਰੀ 'ਤੇ ਪੱਕੇ ਤੌਰ 'ਤੇ ਨਕੇਲ ਪਾਈ ਜਾ ਸਕੇ।


ਕੋਰੋਨਾ ਵਾਇਰਸ ਦਾ ਪ੍ਰਕੋਪ ਛੇਤੀ ਹਟੇ ਇਸਦੀ ਦੁਆ ਹਰ ਇਨਸਾਨ ਕਰ ਰਿਹਾ ਹੈ ਪਰ ਇਸ ਦੌਰਾਨ ਹੀ ਇਹ ਸੰਕੇਤ ਮਿਲਿਆ ਕਿ ਸੂਬੇ 'ਚ ਨਸ਼ਾ ਖ਼ਤਮ ਕਰਨ ਦਾ ਵੱਡਾ ਮੌਕਾ ਹੈ। ਕਿਉਂਕਿ ਇਕ ਵਾਰ ਨਸ਼ਾ ਸਪਲਾਈ ਦੀ ਟੁੱਟੀ ਜੰਜ਼ੀਰ ਨੂੰ ਮੁੜ ਸ਼ੁਰੂ ਕਰਨ 'ਤੇ ਸਮਾਂ ਤਾਂ ਲੱਗੇਗਾ ਹੀ। ਪਾਕਿਸਤਾਨ ਵੱਲੋਂ ਹੁਣ ਸਪਲਾਈ ਨਹੀਂ ਹੋ ਸਕੇਗੀ। ਦਿੱਲੀ ਦੇ ਸਾਰੇ ਰਾਹ ਬੰਦ ਹਨ। ਸੋ ਮੌਕਾ ਹੈ ਕਿ ਇਸ ਔਖੇ ਵੇਲੇ 'ਚੋਂ ਕੁਝ ਚੰਗਾ ਲੱਭ ਕੇ ਕੋਰੋਨਾ ਵਾਇਰਸ ਦੇ ਨਾਲ- ਨਾਲ ਨਸ਼ੇ ਵਰਗੀ ਮਹਾਮਾਰੀ 'ਤੇ ਵੀ ਜਿੱਤਿਆ ਜਾ ਸਕੇ।