Drugs in Punjab: ਪੰਜਾਬ ਵਿੱਚ ਨਸ਼ਿਆਂ ਦੇ ਹੜ੍ਹ ਨੂੰ ਬੰਨ੍ਹ ਨਹੀਂ ਲੱਗ ਰਿਹਾ। ਨਿੱਤ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਹਨ। ਪੁਲਿਸ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਨਸ਼ਾ ਤਾਂ ਸ਼ਰੇਆਮ ਵਿਕ ਰਿਹਾ ਹੈ। ਤਾਜ਼ਾ ਮਾਮਲਾ ਫਰੀਦਕੋਟ ਦੇ ਹਲਕਾ ਕੋਟਕਪੂਰਾ ਤੋਂ ਆਇਆ ਹੈ। ਇੱਥੇ ਮਨਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ 28 ਸਾਲ ਨੌਜਵਾਨ ਦੀ ਨਸ਼ੇ ਕਾਰਨ ਦੁਖਦਾਈ ਮੌਤ ਹੋ ਗਈ।
ਮ੍ਰਿਤਕ ਮਨਿੰਦਰ ਸਿੰਘ ਦੇ ਚਾਚਾ ਸਰਬਜੀਤ ਸਿੰਘ ਨੇ ਦੱਸਿਆ ਉਸ ਦੇ ਦੋਵੇਂ ਭਤੀਜੇ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਸਨ। ਇਸ ਨੂੰ ਲੈ ਕੇ ਅੱਜ ਮਨਿੰਦਰ ਸਿੰਘ ਦੀ ਮੌਤ ਹੋ ਗਈ ਹੈ ਤੇ ਛੋਟਾ ਭਰਾ ਵੀ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਹੈ। ਚਾਚਾ ਸਰਬਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਨਿੰਦਰ ਦੀ ਸਿਹਤ ਜ਼ਿਆਦਾ ਵਿਗੜਨ ਤੋਂ ਬਾਅਦ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਦਾਖਲ ਕਰਾਇਆ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਪੈਸੇ ਨਾ ਹੋਣ ਕਾਰਨ ਇਲਾਜ ਨਹੀਂ ਕਰਵਾ ਸਕੇ ਤਾਂ ਡਾਕਟਰਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਮਨਿੰਦਰ ਨੂੰ ਘਰ ਲੈ ਜਾਓ ਤੇ ਇਸ ਦੀ ਸੇਵਾ ਕਰੋ। ਜਦੋਂ ਅਸੀਂ ਮਨਿੰਦਰ ਨੂੰ ਘਰ ਲਿਆਂਦਾ ਤਾਂ ਉਸ ਦੀ ਮੌਤ ਹੋ ਗਈ।
ਮ੍ਰਿਤਕ ਮਨਿੰਦਰ ਲੱਕੜ ਵਾਲੇ ਆਰੇ ਤੇ ਕੰਮ ਕਰਦਾ ਸੀ ਤੇ ਉਸ ਦਾ ਛੋਟਾ ਭਰਾ ਵੀ ਉਸ ਦੇ ਨਾਲ ਹੀ ਕੰਮ ਕਰਦਾ ਸੀ। ਮਾਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪਿਤਾ ਕਾਫੀ ਬਜ਼ੁਰਗ ਹੈ। ਪਰਿਵਾਰ ਵੱਲੋਂ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਜਾ ਰਹੀ ਹੈ।