Punjab News: ਪੰਜਾਬ ਵਿੱਚ ਆਏ ਝੱਖੜਕਾਰਨ ਸੈਂਕੜੇ ਟਰਾਂਸਫਾਰਮਰ ਅਤੇ ਬਿਜਲੀ ਦੇ ਖੰਭੇ ਨੁਕਸਾਨੇ ਗਏ ਹਨ। ਇਸ ਕਾਰਨ ਰਾਤ ਸਮੇਂ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਵੀਰਵਾਰ ਨੂੰ ਵੀ ਬਿਜਲੀ ਸਪਲਾਈ ਵਿੱਚ ਵਿਘਨ ਪੈਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਵੀਰਵਾਰ ਨੂੰ ਪਾਵਰਕੌਮ ਨੂੰ ਕਰੀਬ 93 ਹਜ਼ਾਰ ਸ਼ਿਕਾਇਤਾਂ ਮਿਲੀਆਂ।
ਖ਼ਬਰ ਲਿਖੇ ਜਾਣ ਤੱਕ ਪਾਵਰਕੌਮ ਲਾਈਨਾਂ ਦੀ ਮੁਰੰਮਤ ਵਿੱਚ ਲੱਗਾ ਹੋਇਆ ਸੀ। ਦੂਜੇ ਪਾਸੇ ਜਿਵੇਂ ਹੀ ਮੌਸਮ ਨੇ ਕਰਵਟ ਲਈ ਤਾਂ ਦਿਨ ਵੇਲੇ ਬਿਜਲੀ ਦੀ ਮੰਗ ਘਟ ਕੇ 2500 ਮੈਗਾਵਾਟ ਰਹਿ ਗਈ।
11 ਕਰੋੜ ਦਾ ਹੋਇਆ ਨੁਕਸਾਨ
ਪੰਜਾਬ 'ਚ ਬੁੱਧਵਾਰ ਦੇਰ ਰਾਤ ਕਰੀਬ 12 ਵਜੇ ਤੇਜ਼ ਧੂੜ ਭਰੀ ਹਨੇਰੀ ਆਈ। ਕਈ ਥਾਵਾਂ 'ਤੇ ਮੀਂਹ ਵੀ ਪਿਆ। ਕਈ ਜ਼ਿਲ੍ਹਿਆਂ ਵਿੱਚ ਟਰਾਂਸਫਾਰਮਰ ਅਤੇ ਬਿਜਲੀ ਦੇ ਖੰਭੇ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਅੰਕੜਿਆਂ ਅਨੁਸਾਰ ਪਟਿਆਲਾ, ਮੋਹਾਲੀ, ਸੰਗਰੂਰ, ਬਰਨਾਲਾ ਅਤੇ ਰੋਪੜ ਜ਼ਿਲ੍ਹਿਆਂ ਵਿੱਚ 1000 ਟਰਾਂਸਫਾਰਮਰ ਨੁਕਸਾਨੇ ਗਏ ਅਤੇ 4000 ਬਿਜਲੀ ਦੇ ਖੰਭੇ ਡਿੱਗ ਗਏ। ਇਸ ਕਾਰਨ ਪਾਵਰਕੌਮ ਨੂੰ 11 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਪਾਵਰਕੌਮ ਨੂੰ ਮਿਲੀਆਂ 93 ਹਜ਼ਾਰ ਸ਼ਿਕਾਇਤਾਂ
ਦੂਜੇ ਪਾਸੇ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਵਿੱਚ 50 ਟਰਾਂਸਫਾਰਮਰ ਨੁਕਸਾਨੇ ਗਏ ਹਨ ਅਤੇ 194 ਬਿਜਲੀ ਦੇ ਖੰਭੇ ਡਿੱਗ ਗਏ ਹਨ। ਜ਼ਿਆਦਾਤਰ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਰਹੀ। ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਾਵਰਕੌਮ ਨੂੰ ਸੂਬੇ ਭਰ ਵਿੱਚੋਂ 93 ਹਜ਼ਾਰ ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 9800 ਸ਼ਿਕਾਇਤਾਂ ਇਕੱਲੇ ਲੁਧਿਆਣਾ ਜ਼ਿਲ੍ਹੇ ਵਿੱਚੋਂ ਆਈਆਂ ਹਨ।
ਮੌਸਮ ਬਦਲਣ ਨਾਲ ਬਿਜਲੀ ਦੀ ਮੰਗ ਘਟੀ
ਹਨੇਰੀ ਅਤੇ ਮੀਂਹ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਇਹੀ ਕਾਰਨ ਹੈ ਕਿ ਬੁੱਧਵਾਰ ਦੇ ਮੁਕਾਬਲੇ ਵੀਰਵਾਰ ਨੂੰ ਸੂਬੇ 'ਚ ਬਿਜਲੀ ਦੀ ਮੰਗ 'ਚ 2500 ਮੈਗਾਵਾਟ ਦੀ ਕਮੀ ਆਈ ਹੈ। ਜਿੱਥੇ ਬੁੱਧਵਾਰ ਨੂੰ ਬਿਜਲੀ ਦੀ ਸਭ ਤੋਂ ਵੱਧ ਮੰਗ 10200 ਮੈਗਾਵਾਟ ਦਰਜ ਕੀਤੀ ਗਈ, ਉਥੇ ਵੀਰਵਾਰ ਨੂੰ ਇਹ 7700 ਮੈਗਾਵਾਟ ਰਹੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।