ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਵਿੱਚ ਕਾਂਗਰਸ ਨੂੰ ਚੰਗੇ ਰਗੜੇ ਲਾਏ। ਵੀਰਵਾਰ ਨੂੰ ਜਿੱਥੇ ਕਾਂਗਰਸ ਨੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਬਰਖਾਸਤਗੀ ਨੂੰ ਲੈ ਕੇ ਸਦਨ ਵਿੱਚ ਹੰਗਾਮਾ ਕੀਤਾ, ਉੱਧਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਪਿਛਲੀ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਦਾ ਜ਼ਿਕਰ ਕਰਦਿਆਂ ਤਿੱਖੇ ਵਾਰ ਕੀਤੇ।
ਆਮ ਆਦਮੀ ਪਾਰਟੀ ਦੀ ਸੀਨੀਅਰ ਵਿਧਾਇਕ ਸਰਬਜੀਤ ਮਾਣੂਕੇ ਨੇ ਕਿਹਾ ਕਿ ਕਾਂਗਰਸ ਨੇ ਬੱਚਿਆਂ ਦਾ ਭਵਿੱਖ ਖਰਾਬ ਕੀਤਾ ਹੈ। ਉਨ੍ਹਾਂ ਨੇ ਤਿੱਖੇ ਤੇਵਰ ਵਿੱਚ ਕਿਹਾ ਕਿ ਪੁੱਛੋ ਅੱਜ ਕਾਂਗਰਸੀਆਂ ਨੂੰ ਇਨ੍ਹਾਂ ਦੇ ਰਾਜ ਵਿੱਚ ਚਾਰ ਲੱਖ ਬੱਚਾ ਪੜ੍ਹਾਈ ਛੱਡ ਗਿਆ। 64 ਲੱਖ ਇਨ੍ਹਾਂ ਦਾ ਚੋਰ ਮੰਤਰੀ ਖਾ ਗਿਆ, ਕੈਪਟਨ ਸਾਹਬ ਨੇ ਕਲੀਨ ਚਿੱਟ ਦੇ ਦਿੱਤੀ। ਉਨ੍ਹਾਂ ਕਿਹਾ ਕਿ ਆਪਣਾ ਗਿੱਧਾ ਕਿਤੇ ਹੋਰ ਜਾ ਕੇ ਪਾਓ, ਗਰੀਬ ਬੱਚਿਆਂ ਦੇ ਵਜ਼ੀਫ਼ੇ ਦੀ ਗੱਲ ਕਰਨ ਦਿਓ।
ਉਨ੍ਹਾਂ ਨੇ ਕਿਹਾ ਕਿ ਅੱਜ ਸਾਡੇ ਬੱਚਿਆਂ ਨੂੰ 10 ਮਹੀਨੇ ਵਜ਼ੀਫ਼ੇ ਮਿਲਦਾ ਹੈ। ਉਹ ਬੱਚੇ 11ਵੇਂ ਤੇ 12ਵੇਂ ਮਹੀਨੇ ਕੀ ਕਰਨ। ਉਨ੍ਹਾਂ ਕਿਹਾ ਕਿ ਸਾਡੇ ਗਰੀਬ ਬੱਚੇ ਪਿਛਲੀਆਂ ਸਰਕਾਰਾਂ ਦੀਆਂ ਗਲਤ ਪਾਲਿਸੀਆਂ ਦਾ ਸ਼ਿਕਾਰ ਹੋਏ ਹਨ।