ਚੰਡੀਗੜ੍ਹ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੀ ਗੂੰਝ ਹੁਣ ਵਿਦੇਸ਼ਾਂ ਤੱਕ ਪਹੁੰਚ ਗਈ ਹੈ। ਵਿਦੇਸ਼ਾਂ 'ਚ ਵੱਸਦੇ ਪੰਜਾਬੀ ਵੀ ਹੁਣ ਕਿਸਾਨਾਂ ਦੀ ਹਮਾਇਤ 'ਚ ਅੱਗੇ ਆਏ ਹਨ। ਸੈਂਕੜੇ ਸਿੱਖ ਅਮਰੀਕੀਆਂ ਨੇ ਸ਼ਾਂਤਮਈ ਢੰਗ ਨਾਲ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਭਾਰਤੀ ਕਿਸਾਨਾਂ ਦੇ ਸਮਰਥਨ ਵਿੱਚ ਰੋਸ ਰੈਲੀਆਂ ਕੀਤੀਆਂ। ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਪ੍ਰਦਰਸ਼ਨਕਾਰੀਆਂ ਦੇ ਵੱਡੇ ਕਾਫਲੇ ਨੇ ਸੈਨ ਫ੍ਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਵੱਲ ਸ਼ਨੀਵਾਰ ਨੂੰ ‘ਬੇ ਬ੍ਰਿਜ’ ਤੇ ਆਵਾਜਾਈ ਬੰਦ ਕਰ ਦਿੱਤੀ। ਇਸ ਤੋਂ ਇਲਾਵਾ, ਸੈਂਕੜੇ ਪ੍ਰਦਰਸ਼ਨਕਾਰੀ ਇੰਡੀਆਨਾਪੋਲਿਸ ਵਿੱਚ ਇਕੱਠੇ ਹੋਏ।



ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਿਸਾਨ ਦੇਸ਼ ਦੀ ਆਤਮਾ ਹੈ। ਸਾਨੂੰ ਆਪਣੀ ਆਤਮਾ ਦੀ ਰੱਖਿਆ ਕਰਨੀ ਚਾਹੀਦੀ ਹੈ। ਅਮਰੀਕਾ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਦੇ ਲੋਕ ਵਿਵਾਦਪੂਰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਇਕੱਠੇ ਹੋਏ ਹਨ। ਇਕ ਦਿਨ ਪਹਿਲਾਂ, ਸਿੱਖ-ਅਮਰੀਕੀ ਭਾਈਚਾਰੇ ਦੇ ਲੋਕ ਸ਼ਿਕਾਗੋ ਵਿੱਚ ਇਕੱਠੇ ਹੋਏ ਸੀ ਤੇ ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਦੂਤਾਵਾਸ ਦੇ ਸਾਹਮਣੇ ਰੋਸ ਰੈਲੀ ਕੀਤੀ ਗਈ ਸੀ।ਐਤਵਾਰ ਲਈ ਇੱਕ ਹੋਰ ਰੈਲੀ ਦੀ ਯੋਜਨਾ ਹੈ। ਸਿੱਖ-ਅਮਰੀਕੀਆਂ ਨੇ 'No Farmer No Food' ਤੇ 'Save Farmer' ਵਰਗੇ ਪੋਸਟਰ ਲਗਾਏ ਸੀ। ਸਿੱਖ ਆਗੂ ਦਰਸ਼ਨ ਸਿੰਘ ਡਾਰ ਨੇ ਕਿਹਾ ਕਿ ਇਹ ਭਾਰਤ ਸਰਕਾਰ ਤੋਂ ਤਿੰਨੋਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਬੇਨਤੀ ਨਹੀਂ ਹੈ, ਬਲਕਿ ਸਾਡੀ ਮੰਗ ਹੈ। ਜ਼ਿਕਰਯੋਗ ਹੈ ਕਿ ਹਰਿਆਣਾ, ਪੰਜਾਬ ਤੇ ਹੋਰ ਰਾਜਾਂ ਦੇ ਕਿਸਾਨ ਪਿਛਲੇ 11 ਦਿਨਾਂ ਤੋਂ ਭਾਰਤ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ ’ਤੇ ਲਗਾਤਾਰ ਡਟੇ ਹੋਏ ਹਨ।