ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਮਾਰ ਜਿੱਥੇ ਜਨ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ, ਉੱਥੇ ਹੀ ਅਰਥਵਿਵਸਥਾ ਲਈ ਵੀ ਵੱਡਾ ਖਤਰਾ ਸਾਬਤ ਹੋ ਰਹੀ ਹੈ। ਅਜਿਹੇ ਵਿੱਚ ਜਿੱਥੇ ਮਹਾਮਾਰੀ ਤੋਂ ਨਿਜਾਤ ਪਾਉਣ ਲਈ ਯਤਨ ਜਾਰੀ ਹਨ, ਉੱਥੇ ਹੀ ਆਰਥਿਕ ਤੌਰ 'ਤੇ ਗੱਡੀ ਕਿਵੇਂ ਲੀਹ ਤੇ ਲਿਆਉਣੀ ਹੈ, ਇਸ ਪਾਸੇ ਵੀ ਉਚੇਚਾ ਧਿਆਨ ਦੇਣ ਦੀ ਲੋੜ ਹੈ। ਪੰਜਾਬ ਦੇ ਉੱਘੇ ਅਰਥਸ਼ਾਸਤਰੀ ਸਰਦਾਰਾ ਸਿੰਘ ਜੌਹਲ ਨੇ ਵੀ ਇਸ ਸਥਿਤੀ 'ਚ ਆਪਣੇ ਖ਼ਾਸ ਸੁਝਾਅ ਪੇਸ਼ ਕੀਤੇ ਹਨ ਕਿ ਪੰਜਾਬ ਇਸ ਸਥਿਤੀ ਨਾਲ ਕਿਵੇਂ ਨਜਿੱਠੇ।
ਸਰਦਾਰਾ ਸਿੰਘ ਜੌਹਲ ਦਾ ਮੰਨਣਾ ਹੈ ਕਿ ਇਹ ਲਾਅ ਤੇ ਆਰਡਰ ਦੀ ਸਥਿਤੀ ਨਹੀਂ ਕਿ ਆਮ ਵਾਂਗ ਥੋੜ੍ਹੇ ਵਕਤ ਲਈ ਕਰਫਿਊ ਵਿੱਚ ਢਿੱਲ ਦਿੱਤੀ ਜਾਏ ਕਿਉਂਕਿ ਥੋੜ੍ਹੇ ਸਮੇਂ ਦੀ ਢਿੱਲ ਬਾਜ਼ਾਰ ਜਾਂ ਦੁਕਾਨਾਂ ਵਿੱਚ ਭੀੜ ਪੈਦਾ ਕਰ ਸਕਦੀ ਹੈ। ਖ਼ਾਸ ਕਰਕੇ ਜਦੋਂ ਸਾਰੀਆਂ ਦੁਕਾਨਾਂ ਨਾਂ ਖੁੱਲ੍ਹੀਆਂ ਹੋਣ। ਥੋੜ੍ਹੀਆਂ ਦੁਕਾਨਾਂ, ਥੋੜ੍ਹਾ ਸਮਾਂ ਖੁੱਲ੍ਹਣ ਕਰਕੇ ਭੀੜ ਜ਼ਰੀਏ ਕੋਵਿਡ-19 ਨੂੰ ਖੁੱਲਾ ਸੱਦਾ ਦੇਣ ਦੇ ਬਰਾਬਰ ਹੋਵੇਗਾ।
ਉਨ੍ਹਾਂ ਆਪਣੀ ਫੇਸਬੁੱਕ ਪੋਸਟ 'ਚ ਲਿਖਿਆ ਕਿ ਇਕੋਨੌਮੀ ਇੱਕ ਇੰਜਣ ਵਾਂਗ ਚਲਦੀ ਹੈ। ਇਹ ਵਿਆਪਕ ਤੌਰ 'ਤੇ ਸਪਲਾਈ ਤੇ ਵਿਕਰੀ ਮਾਰਕਿਟ ਦੀ ਇੱਕ ਦੂਜੇ ਦੀ ਪੂਰਤੀ ਨਾਲ ਚਲਦੀ ਹੈ। ਜਿਵੇਂ ਇਕ ਇੰਜਣ ਅਧੂਰਾ ਨਹੀਂ ਚਲ ਸਕਦਾ ਇਸੇ ਤਰਾਂ ਇਕੋਨੌਮੀ ਦੇ ਪ੍ਰਾਇਮਰੀ, ਸੈਕੰਡਰੀ ਤੇ ਟਰਸ਼ਰੀ ਸੈਕਟਰ ਆਪਸੀ ਨਿਰਭਰਤਾ ਤੋਂ ਬਿਨਾਂ ਨਹੀਂ ਚਲ ਸਕਦੇ। ਇਕੋਨੌਮੀ ਨੂੰ ਅੰਸ਼ਕ ਤੌਰ 'ਤੇ ਖੋਲ੍ਹ ਕੇ ਗੁਜ਼ਾਰਾ ਨਹੀਂ ਹੋ ਸਕਦਾ।
ਸਵਾਲ ਹੁਣ ਕੋਵਿਡ-19 ਬਾਅਦ ਦਾ ਨਹੀਂ। ਸਗੋਂ ਇਹ ਹੈ ਕਿ ਕੋਵਡ-19 ਦੇ ਹੁੰਦਿਆਂ ਇਕੋਨੌਮੀ ਨੂੰ ਕਿਵੇਂ ਪੁਨਰ ਸੁਰਜੀਤ ਕੀਤਾ ਜਾਵੇ? ਇਸ ਬਾਰੇ ਸਰਦਾਰਾ ਸਿੰਘ ਜੌਹਲ ਨੇ ਕੁਝ ਖ਼ਾਸ ਸੁਝਾਅ ਦਿੱਤੇ ਹਨ:
1. ਸਾਰੀਆਂ ਦੁਕਾਨਾਂ ਕੁਝ ਘੰਟੇ ਵੱਧ ਇਕ ਵਜੇ ਤੋਂ ਸ਼ਾਮ ਸ਼ਾਮ ਛੇ ਵਜੇ ਤੱਕ ਖੁੱਲ੍ਹਣੀਆਂ ਚਾਹੀਦੀਆਂ ਹਨ ਤਾਂ ਜੋ ਲੋਕ ਆਰਾਮ ਨਾਲ ਸੌਦਾ ਖਰੀਦਣ ਤੇ ਦੁਕਾਨਾਂ 'ਤੇ ਭੀੜ ਨਾ ਹੋਵੇ।
2. ਲੋਕ ਕਾਫ਼ੀ ਜਾਗਰੂਕ ਹੋ ਚੁੱਕੇ ਹਨ। ਮਾਸਕ ਪਾ ਕੇ ਬਾਹਰ ਜਾਣਾ ਸਖ਼ਤੀ ਨਾਲ ਲਾਜ਼ਮੀ ਕੀਤਾ ਜਾ ਸਕਦਾ ਹੈ। ਦੁਕਾਨਦਾਰਾਂ ਲਈ ਵੀ ਮਾਸਕ ਤੇ ਦਸਤਾਨੇ ਲਾਜ਼ਮੀ ਕੀਤੇ ਜਾਣ। ਲੋਕ ਸਮਝਦੇ ਨੇ ਹੁਣ ਤੇ ਆਪਣੀ ਜਾਨ ਬਚਾੳਣ ਖ਼ਾਤਰ ਜ਼ਰੂਰ ਜ਼ਿੰਮੇਵਾਰ ਹੋਣਗੇ।
3. ਸਾਰੀਆਂ ਫੈਕਟਰੀਆਂ ਤੇ ਅਦਾਰੇ ਖੋਲ੍ਹ ਦੇਣੇ ਚਾਹੀਦੇ ਹਨ ਤੇ ਹਰ ਇਕ ਦੀ ਐਂਟਰੀ ਤੇ ਸੈਨੇਟਾਈਜਿੰਗ ਟਨਲ ਹੋਵੇ ਜਿਸ ਵਿੱਚ ਦੀ ਦਾਖਲਾ ਹੋਵੇ।
4. ਕੋਈ ਵੀ ਵਰਕਰ, ਕਰਮਚਾਰੀ, ਅਫਸਰ ਜਾਂ ਮਾਲਕ ਹੋਵੇ ਇਸ ਟਨਲ ਰਾਹੀਂ ਅੰਦਰ ਜਾਵੇ ਤੇ ਹਰ ਇਕ ਵਾਸਤੇ ਮਾਸਕ ਲਾਜ਼ਮੀ ਹੋਵੇ।
5. ਕੋਈ ਵੀ ਦੁਕਾਨ, ਉਦਯੋਗ, ਅਦਾਰਾ ਜਾਂ ਕੰਮ ਗ਼ੈਰ-ਜ਼ਰੂਰੀ ਨਹੀਂ ਹੁੰਦਾ। ਉਸ ਨਾਲ ਵੀ ਬਹੁਤਿਆਂ ਦੀ ਰੋਜ਼ੀ-ਰੋਟੀ ਜੁੜੀ ਹੁੰਦੀ ਹੈ।
ਅੰਤ ਚ ਉਨ੍ਹਾਂ ਲਿਖਿਆ ਕਿ ਸਾਨੂੰ ਕਾਫ਼ੀ ਦੇਰ ਦਿਸ ਆਫਤ ਨਾਲ ਜਿਉਣਾ ਪੈਣਾ ਹੈ, ਸੋ ਸਭ ਕੁਝ ਬੰਦ ਕਰਕੇ ਜਾਂ ਅੰਸ਼ਕ ਤੌਰ 'ਤੇ ਸਿਸਟਮ ਖੋਲ੍ਹ ਕੇ ਗੁਜ਼ਾਰਾ ਨਹੀਂ ਹੋਣਾ। ਇਸ ਬਾਰੇ ਬਹੁਤ ਕੁਝ ਹੋਰ ਬਰੀਕੀ ਨਾਲ ਸੋਚਣ ਦੀ ਲੋੜ ਹੈ।
ਦਰਅਸਲ ਮੌਜੂਦਾ ਸਮੇਂ ਸਥਿਤੀ ਇਹ ਹੈ ਕਿ ਲੌਕਡਾਊਨ ਖੋਲ੍ਹਿਆ ਜਾਵੇ ਜਾਂ ਨਾ। ਜੇਕਰ ਪੂਰਨ ਤੌਰ 'ਤੇ ਖੋਲ੍ਹਣ ਦਾ ਸੋਚਿਆ ਜਾਂਦਾ ਹੈ ਤਾਂ ਵਾਇਰਸ ਦੇ ਪਸਾਰ ਦਾ ਖਤਰਾ ਹੈ। ਦੂਜੇ ਪਾਸੇ ਲੌਕਡਾਊਨ ਹੋਰ ਵਧਾਇਆ ਜਾਂਦਾ ਹੈ ਤਾਂ ਅਰਥਵਿਵਸਥਾ ਬੁਰੀ ਤਰ੍ਹਾਂ ਝੰਬੀ ਜਾਵੇਗੀ। ਇਹ ਸਮਾਂ ਬਹੁਤ ਹੀ ਸੋਚ ਸਮਝ ਕੇ ਤੇ ਸਾਵਧਾਨੀ ਨਾਲ ਫੈਸਲੇ ਲੈਣ ਦਾ ਹੈ।