Anand Marriage Act: ਪੰਜਾਬ ਭਾਜਪਾ ਦੇ ਮੀਡੀਆ ਪੈਨਲਿਸਟ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਵੀ ਆਨੰਦ ਕਾਰਜ ਮੈਰਿਜ ਐਕਟ ਲਾਗੂ ਹੋਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਪ ਰਾਜਪਾਲ ਮਨੋਜ ਸਿਨਹਾ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜੰਮੂ ਕਸ਼ਮੀਰ ਦੇ ਸਿੱਖ ਭਾਈਚਾਰੇ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ।
ਪ੍ਰੋ. ਸਰਚਾਂਦ ਸਿੰਘ ਨੇ ਉਕਤ ਪ੍ਰਾਪਤੀ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਅਤੇ ਕਿਹਾ ਕਿ ਕਿ ਜੰਮੂ ਕਸ਼ਮੀਰ ’ਚ ਧਾਰਾ 370 ਅਨੰਦ ਮੈਰਿਜ ਐਕਟ ਲਾਗੂ ਕਰਨ ’ਚ ਅੜਿੱਕਾ ਸੀ, ਪਰ ਹੁਣ ਧਾਰਾ 370 ਦੇ ਖ਼ਾਤਮੇ ਕਾਰਨ ਹੀ ਉੱਥੇ ਅਨੰਦ ਮੈਰਿਜ ਐਕਟ ਲਾਗੂ ਕਰਨਾ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਨਵੇਂ ਕਸ਼ਮੀਰ ਦੀ ਸਿਰਜਣਾ ਪ੍ਰਤੀ ਰਣਨੀਤੀ ’ਚ ਪੂਰਵਲੇ ਸ਼ਾਸਕਾਂ ਦੀ ’ਅਧਰੰਗ ਨੀਤੀ’ ਨੂੰ ਤਿਲਾਂਜਲੀ ਦਿੱਤੀ ਗਈ। ਨਰਿੰਦਰ ਮੋਦੀ ਸਰਕਾਰ ਦੁਆਰਾ ਜੰਮੂ-ਕਸ਼ਮੀਰ ਨੂੰ ਟਾਪ ਏਜੰਡੇ ’ਤੇ ਰੱਖਦਿਆਂ ਪ੍ਰਮੁੱਖ ਤਰਜੀਹ ਦੇਣ ਵਾਲੀਆਂ ਸਾਰਥਿਕ ਅਤੇ ਪ੍ਰਭਾਵਸ਼ਾਲੀ ਨੀਤੀਆਂ ਨੂੰ ਸਫਲਤਾ ਮਿਲਣੀ ਕਸ਼ਮੀਰ ’ਤੇ ਮਾੜੀ ਅੱਖ ਰੱਖਣ ਵਾਲੇ ਪਾਕਿਸਤਾਨ ਲਈ ਗਹਿਰਾ ਝਟਕਾ ਹੈ। ਪਾਕਿਸਤਾਨ ਦੀ ਬਦਨਾਮ ਖ਼ੁਫ਼ੀਆ ਏਜੰਸੀ ਆਈ ਐੱਸ ਆਈ ਵੱਲੋਂ ਇੱਥੇ ਅਤਿਵਾਦੀਆਂ ਨੂੰ ਭੇਜ ਕੇ ਦਹਿਸ਼ਤ ਅਤੇ ਅਸ਼ਾਂਤੀ ਫੈਲਾਉਂਦਾ ਰਿਹਾ ਹੈ । ਪਰ ਭਾਰਤ ਵੱਲੋਂ ਆਤੰਕਵਾਦ ਨੂੰ ਲੈ ਕੇ ਜ਼ੀਰੋ ਟੌਰਰੈਂਸ ਦੀ ਨੀਤੀ ਅਪਣਾਉਂਦਿਆਂ ਇਹ ਦਸ ਦਿੱਤਾ ਗਿਆ ਕਿ ਦੇਸ਼ ਦੀ ਸੁਰੱਖਿਆ ਨਾਲ ਭਵਿੱਖ ’ਚ ਵੀ ਕਦੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਕਸ਼ਮੀਰ ’ਚ ਆਮ ਵਰਗੇ ਹਾਲਾਤ ਵਾਪਸ ਲਿਆਉਣ ਲਈ ਮੋਦੀ - ਅਮਿੱਤ ਸ਼ਾਹ ਦੀ ਦ੍ਰਿੜ੍ਹ ਰਾਜਸੀ ਇੱਛਾ ਸ਼ਕਤੀ, ਕੂਟਨੀਤੀ, ਫ਼ੌਜ ਦੀ ਮੁਸਤੈਦੀ, ਆਪ੍ਰੇਸ਼ਨ ਆਲ ਆਊਟ, ਸੁਰੱਖਿਆ ਬਲਾਂ ਵੱਲੋਂ ਸਰਹੱਦ ਪਾਰ ਸਰਜੀਕਲ ਸਟ੍ਰਾਈਕ ਰਾਹੀ ਆਤੰਕੀਆਂ ਨੂੰ ਦਿੱਤੇ ਗਏ ਸਖ਼ਤ ਜਵਾਬ ਨੇ ਹਰੇਕ ਭਾਰਤੀ ਦਾ ਮਨੋਬਲ ਉੱਚਿਆਂ ਕੀਤਾ ਅਤੇ ਭਾਰਤ ਦਾ ਸਨਮਾਨ ਵਿਸ਼ਵ ਭਰ ਵਿਚ ਵਧਿਆ ।
ਮੋਦੀ ਵੱਲੋਂ ਸਥਾਨਕ ਕਸ਼ਮੀਰੀ ਆਗੂਆਂ ਦੀ ਭੂਮਿਕਾ ਅਤੇ ਸਿਆਸੀ ਅਹਿਮੀਅਤ ਨੂੰ ਸਮਝਿਆ ਗਿਆ, ਉਨ੍ਹਾਂ ਅਤੇ ਆਮ ਜਨਤਾ ਨਾਲ ’ਦਿਲ ਦਾ ਰਿਸ਼ਤਾ’ ਕਾਇਮ ਕਰਦਿਆਂ ਉਨ੍ਹਾਂ ਨਾਲ ਸਿਧਾ ਜੁੜ ਕੇ ਸੰਵਾਦ ਸਥਾਪਿਤ ਕਰਦਿਆਂ ਉਨ੍ਹਾਂ ’ਚ ਨਵੀਂਆਂ ਉਮੀਦਾਂ ਜਗਾਈਆਂ ਗਈਆਂ। ਜਿਸ ਨਾਲ ਸਿਆਸੀ ਆਗੂਆਂ ਅਤੇ ਅਮਨ ਪਸੰਦ ਸ਼ਹਿਰੀਆਂ ਦੀ ਕੇਂਦਰੀ ਹਕੂਮਤ ਪ੍ਰਤੀ ਵਿਸ਼ਵਾਸ ਬਹਾਲੀ ’ਚ ਮਦਦ ਮਿਲੀ, ਅੱਜ ਵਾਦੀ ’ਚ ਕਾਨੂੰਨ ਵਿਵਸਥਾ ਨਿਯੰਤਰਨ ਹੇਠ ਹੈ ਅਤੇ ਬਹੁਗਿਣਤੀ ਕਸ਼ਮੀਰੀ ਲੋਕ ਨਫ਼ਰਤ ਅਤੇ ਫ਼ਿਰਕੂ ਸਿਆਸਤ ਕਰਨ ਵਾਲਿਆਂ ਤੋਂ ਕਿਨਾਰਾ ਕਰਦਿਆਂ ਦੇਸ਼ ਦੀ ਏਕਤਾ ਅਖੰਡਤਾ ਦੇ ਪੱਖ ’ਚ ਖੜ੍ਹ ਗਏ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਸ਼ਮੀਰ ’ਚ ਧਾਰਾ 370 ਨੂੰ ਹਟਾਉਣ ਦਾ ਵਿਰੋਧ ਕੀਤਾ ਸੀ, ਪਰ ਹਾਲ ਹੀ ’ਚ ਸੁਪਰੀਮ ਕੋਰਟ ਵੱਲੋਂ ਇਸ ਬਾਰੇ ਆਏ ਆਦੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫ਼ੈਸਲੇ ਨੂੰ ਦਰੁਸਤ ਠਹਿਰਾਉਂਦਿਆਂ ਪੱਕੀ ਮੋਹਰ ਲਗਾ ਦਿੱਤੀ ਹੈ। ਧਾਰਾ 370 ਦੇ ਖ਼ਾਤਮੇ ਰਾਹੀਂ ਕਸ਼ਮੀਰ ਦਾ ਦਰਵਾਜ਼ਾ ਵਿਕਾਸ ਲਈ ਖੋਲੇ ਜਾਣ ਪ੍ਰਤੀ ਸਾਰਥਿਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਜੰਮੂ- ਕਸ਼ਮੀਰ ’ਚ ਵਿਕਾਸ ਅਤੇ ਤਰੱਕੀ ਦਾ ਨਵਾਂ ਦੌਰ ਸ਼ੁਰੂ ਹੋ ਚੁੱਕਿਆ ਹੈ। ਵਾਦੀ ਵਿਚ ਸ਼ਾਂਤੀ, ਸੈਰ ਸਪਾਟੇ ਲਈ ਅਨੁਕੂਲ ਮਾਹੌਲ, ਕਾਰੋਬਾਰੀ ਤੇ ਪੂਜੀ ਨਿਵੇਸ਼ ਲਈ ਅਨੁਕੂਲ ਵਾਤਾਵਰਨ ਸਿਰਜਿਆ ਜਾ ਚੁਕਾ ਹੈ। ਬਦਲਦੀਆਂ ਪਰਿਸਥਿਤੀਆਂ ’ਚ ਵਾਦੀ ’ਚ ਸੈਲਾਨੀਆਂ ਦੀ ਵੱਡੀ ਆਮਦ ਇਸ ਗਲ ਦਾ ਗਵਾਹ ਹੈ ਕਿ ਵਾਦੀ ਵਿਚ ਗੈਰ ਕਸ਼ਮੀਰੀਆਂ ਅਤੇ ਗੈਰ ਮੁਸਲਮਾਨਾਂ ’ਤੇ ਹਮਲਿਆਂ ਦਾ ਸੈਲਾਨੀਆਂ ’ਤੇ ਕੋਈ ਅਸਰ ਨਹੀਂ। ਉਹ ਬੇਖ਼ੌਫ ਹਨ ਅਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਸੁਰੱਖਿਆ ’ਤੇ ਯਕੀਨ ਰੱਖਦੇ ਹਨ ।