Punjab News : "ਆਮ ਆਦਮੀ ਪਾਰਟੀ" ਦੇ ਸੱਤਾ ਵਿੱਚ ਆਉਣ ਦੇ ਡੇਢ ਸਾਲ ਬਾਅਦ ਵੀ ਮੁੱਖ ਸੜਕਾਂ ਦੀ ਹਾਲਤ ਖਸਤਾ ਬਣੀ ਹੋਈ ਹੈ। ਲੁਧਿਆਣਾ ਤੋਂ ਬਰਨਾਲਾ ਨੂੰ ਜਾਣ ਵਾਲੀ ਐਂਟਰੀ ਰੋਡ ਦੀ ਹਾਲਤ ਪਿਛਲੇ ਕਈ ਸਾਲਾਂ ਤੋਂ ਖਸਤਾ ਹੈ।
ਨਗਰ ਸੁਧਾਰ ਟਰੱਸਟ ਦੇ ਸਾਹਮਣੇ ਬਾਬਾ ਕਾਲਾ ਮਹਿਰ ਸਟੇਡੀਅਮ ਤੋਂ ਫੁਹਾਰਾ ਚੌਕ ਤੱਕ ਸੜਕ ਬੁਰੀ ਤਰ੍ਹਾਂ ਟੁੱਟੀ ਹੋਈ ਹੈ। ਸੜਕ ’ਤੇ ਵੱਡੇ-ਵੱਡੇ ਟੋਏ ਪਏ ਹੋਏ ਹਨ। ਜਿਸ ਕਾਰਨ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।



ਸੜਕਾਂ ਬਣ ਰਹੀਆਂ ਦੂਰਘਟਨਾਵਾਂ ਦਾ ਕਾਰਨ 



ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਈਓ ਨੇ ਵੀ ਸੜਕਾਂ ਦੀ ਤਰਸਯੋਗ ਹਾਲਤ ਨੂੰ ਵੇਖਦਿਆਂ ਇਸ ਨੂੰ ਜਲਦੀ ਠੀਕ ਕਰਨ ਦੀ ਅਪੀਲ ਕੀਤੀ ਹੈ। ਕਿਉਂ ਕਿ ਆਏ ਦਿਨ ਸੜਕਾਂ ਦੀ ਖਸਤਾ ਹਾਲਤ ਕਾਰਨ ਕਈ ਦੂਰਘਟਨਾਵਾਂ ਹੋ ਰਹੀਆਂ ਹਨ। 


30 ਪਿੰਡਾਂ ਦੇ ਲੋਕ ਇਸ ਰਸਤੇ ਰਾਹੀਂ ਸ਼ਹਿਰ ਵਿੱਚ ਹੁੰਦੇ ਨੇ ਦਾਖ਼ਲ 



ਇਸ ਮੌਕੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਦੇ ਬਾਬਾ ਕਾਲਾ ਮਹਿਰ ਸਟੇਡੀਅਮ ਤੋਂ ਫੁਹਾਰਾ ਚੌਂਕ ਤੱਕ ਦੀ ਮੁੱਖ ਸੜਕ ਦਾ ਪਿਛਲੇ ਕਾਫੀ ਸਮੇਂ ਤੋਂ ਬੁਰਾ ਹਾਲ ਹੈ। ਇਹ ਸੜਕ ਲੁਧਿਆਣਾ ਵਾਲੇ ਪਾਸੇ ਤੋਂ ਬਰਨਾਲਾ ਦਾ ਪ੍ਰਵੇਸ਼ ਮਾਰਗ ਹੈ। ਕਰੀਬ 30 ਪਿੰਡਾਂ ਦੇ ਲੋਕ ਇਸ ਰਸਤੇ ਰਾਹੀਂ ਸ਼ਹਿਰ ਵਿੱਚ ਦਾਖ਼ਲ ਹੁੰਦੇ ਹਨ। ਇਸ ਸੜਕ ਤੋਂ ਰੋਜ਼ਾਨਾ ਹਜ਼ਾਰਾਂ ਲੋਕ ਆਉਂਦੇ-ਜਾਂਦੇ ਹਨ। ਪਰ ਇਸ ਸੜਕ ਦੀ ਹਾਲਤ ਬਹੁਤ ਤਰਸਯੋਗ ਹੈ। ਸੜਕ ਵਿੱਚ ਕਈ ਟੋਏ ਪਏ ਹੋਏ ਹਨ। ਬਰਸਾਤ ਦੇ ਮੌਸਮ ਵਿੱਚ ਪਾਣੀ ਓਵਰਫਲੋ ਹੋ ਜਾਂਦਾ ਹੈ। ਜਿਸ ਕਾਰਨ ਕਈ ਸੜਕ ਹਾਦਸੇ ਵਾਪਰ ਰਹੇ ਹਨ।



ਇਸ ਸਬੰਧੀ ਈ-ਰਿਕਸ਼ਾ ਚਲਾ ਰਹੇ ਵਿਅਕਤੀ ਨੇ ਦੱਸਿਆ ਕਿ ਉਹ ਰੋਜ਼ਾਨਾ ਇਸ ਸੜਕ ਤੋਂ ਲੰਘਦਾ ਹੈ। ਇਸ ਥਾਂ ’ਤੇ ਉਸ ਦਾ ਆਟੋ ਕਈ ਵਾਰ ਪਲਟ ਗਿਆ। ਸਿਟੀ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਾ ਦਫ਼ਤਰ ਬਿਲਕੁਲ ਸਾਹਮਣੇ ਹੈ। ਪਰ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ਇਸ ਸੜਕ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਜਦੋਂਕਿ ਇਸ ਸੜਕ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਨਗਰ ਸੁਧਾਰ ਟਰੱਸਟ ਦੇ ਈਓ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਨੇ ਖੁਦ ਮੰਨਿਆ ਕਿ ਬਾਬਾ ਮਹਿਰ ਸਟੇਡੀਅਮ ਤੋਂ ਫੁਹਾਰਾ ਚੌਕ ਤੱਕ ਸੜਕ ਦੀ ਹਾਲਤ ਬਹੁਤ ਖਰਾਬ ਹੈ। ਸੜਕ ਦਾ ਮੁੱਦਾ ਉਨ੍ਹਾਂ ਦੇ ਧਿਆਨ ਵਿੱਚ ਹੈ। ਇਸ ਸੜਕ ਦੇ ਨਿਰਮਾਣ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਸੜਕ ਦੀ ਉਸਾਰੀ ਨਹੀਂ ਕਰਵਾਈ ਜਾ ਸਕੀ ਕਿਉਂਕਿ ਸਰਕਾਰ ਵੱਲੋਂ ਅਜੇ ਤੱਕ ਕੋਈ ਫੰਡ ਮੁਹੱਈਆ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਸੜਕ ਅਗਲੇ ਮਹੀਨੇ ਤੱਕ ਬਣ ਜਾਵੇਗੀ।