Punjab News: ਫ਼ਰੀਦਕੋਟ ਜੇਲ੍ਹ ਵਿੱਚ ਬੰਦ ਦੋ ਗੈਂਗਸਟਰਾਂ ਨੇ ਬਠਿੰਡਾ ਦੀ ਭੁੱਚੋ ਮੰਡੀ ਨਾਲ ਸਬੰਧਤ ਇੱਕ ਦੁਕਾਨਦਾਰ ਅਤੇ ਇੱਕ ਹੋਰ ਵਿਅਕਤੀ ਤੋਂ ਜੇਲ੍ਹ ਵਿੱਚੋਂ ਹੀ ਪੰਜਾਹ-ਵੀਹ ਲੱਖ ਦੀ ਫਿਰੌਤੀ ਦੀ ਮੰਗ ਕੀਤੀ ਸੀ। ਇਸ ਸਬੰਧੀ ਥਾਣਾ ਨਥਾਣਾ ਦੀ ਪੁਲਿਸ ਨੇ ਦੋਵੇਂ ਮੁਲਜ਼ਮਾਂ ਖਾਨ ਮਲੇਰਕੋਟਲੇ ਵਾਲਾ ਤੇ ਤਾਰੀ ਰਾਏਖਾਨਾ ਖ਼ਿਲਾਫ਼ ਕੇਸ ਦਰਜ ਕੀਤਾ ਸੀ। 


ਪੁਲਿਸ ਨੇ ਸੋਮਵਾਰ ਨੂੰ ਕੇਂਦਰੀ ਜੇਲ੍ਹ ਫ਼ਰੀਦਕੋਟ ਵਿੱਚ ਬੰਦ ਮੁਲਜ਼ਮਾਂ ਕੋਲੋਂ ਇੱਕ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਹੈ। ਹਾਲਾਂਕਿ ਇਸ ਬਾਰੇ ਕਿਸੇ ਵੀ ਪੁਲਿਸ ਜਾਂ ਜੇਲ੍ਹ ਅਧਿਕਾਰੀ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਬੁੱਧਵਾਰ ਤੱਕ ਬਠਿੰਡਾ ਪੁਲਿਸ ਦੋਵਾਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਸਕਦੀ ਹੈ।


ਭੁੱਚੋ ਮੰਡੀ 'ਚ ਸਟੋਰ ਚਲਾ ਰਹੇ ਇੱਕ ਵਿਅਕਤੀ ਨੇ ਥਾਣਾ ਨਥਾਣਾ ਨੂੰ ਸ਼ਿਕਾਇਤ ਦੇ ਕੇ ਦੱਸਿਆ ਸੀ ਕਿ 5 ਅਗਸਤ ਦੀ ਦੁਪਹਿਰ ਨੂੰ ਉਸ ਦੇ ਮੋਬਾਈਲ 'ਤੇ ਕਾਲ ਆਈ ਸੀ। ਫੋਨ ਕਰਨ ਵਾਲੇ ਨੇ ਆਪਣਾ ਨਾਂ ਖਾਨ ਮਲੇਰਕੋਟਲੇ ਵਾਲਾ ਦੱਸਿਆ ਅਤੇ ਉਸ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਮੁਲਜ਼ਮਾਂ ਨੇ ਦੁਕਾਨਦਾਰ ਨੂੰ ਧਮਕੀ ਦਿੱਤੀ ਸੀ ਕਿ ਤੇਰੇ ਕੋਲ ਇੱਕ ਘੰਟੇ ਦਾ ਸਮਾਂ ਹੈ। ਜਦੋਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਗੈਂਗਸਟਰ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੀੜਤ ਨੇ ਦੱਸਿਆ ਕਿ ਕੁਝ ਦੇਰ ਬਾਅਦ ਉਸੇ ਦਿਨ ਮੰਡੀ ਦੇ ਰਹਿਣ ਵਾਲੇ ਇੱਕ ਹੋਰ ਵਿਅਕਤੀ ਦਾ ਉਕਤ ਮੋਬਾਈਲ ਨੰਬਰ ਤੋਂ ਕਾਲ ਆਇਆ ਅਤੇ ਫੋਨ ਕਰਨ ਵਾਲੇ ਵਿਅਕਤੀ ਨੇ ਤਾਰੀ ਰਾਏਖਾਨਾ ਦੱਸ ਕੇ ਉਸ ਤੋਂ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਪੈਸੇ ਨਾ ਦੇਣ 'ਤੇ ਤਾਰੀ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।


ਉਕਤ ਸ਼ਿਕਾਇਤ ਮਿਲਣ ਦੇ ਬਾਅਦ ਥਾਣਾ ਨਥਾਣਾ ਪੁਲਿਸ ਨੇ ਫਰੀਦਕੋਟ ਜੇਲ 'ਚ ਬੰਦ ਦੋਸ਼ੀ ਖਾਨ ਮਲੇਰਕੋਟਲੇ ਵਾਲਾ ਅਤੇ ਤਾਰੀ ਰਾਏਖਾਨਾ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੀ ਸੀਆਈਏ ਪੁਲਿਸ ਨੇ ਸੋਮਵਾਰ ਨੂੰ ਫ਼ਰੀਦਕੋਟ ਜੇਲ੍ਹ ਅਧਿਕਾਰੀਆਂ ਨੂੰ ਉਕਤ ਮਾਮਲੇ ਦੀ ਜਾਣਕਾਰੀ ਦਿੱਤੀ ਤਾਂ ਜੇਲ੍ਹ ਪ੍ਰਸ਼ਾਸਨ ਨੇ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਖਾਨ ਅਤੇ ਤਾਰੀ ਕੋਲੋਂ ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ।