ਚੰਡੀਗੜ੍ਹ: ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ(gurmeet singh meet hayer) ਖ਼ਿਲਾਫ਼ ਰੋਸ ਮੁਜ਼ਾਹਰੇ ਦੌਰਾਨ ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਉੱਪਰ ਹੋਈ ਲਾਠੀਚਾਰਜ ਦੀ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ(sukhpal khaira) ਨੇ ਅਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਹ ਪੰਜਾਬ ਦੀ ਰਾਜਨੀਤੀ ਦੇ ਗੰਧਲੇ ਸਿਸਟਮ ਵਿੱਚ ਤਬਦੀਲੀ ਲਿਆਉਣ ਦਾ ਵਾਅਦਾ ਕਰਨ ਵਾਲਿਆਂ ਵੱਲੋਂ ਪੜ੍ਹੇ-ਲਿਖੇ ਨੌਜਵਾਨਾਂ ਉੱਤੇ ਅਤਿਅੰਤ ਬੇਰਹਿਮੀ ਹੈ! ਉਨ੍ਹਾਂ ਕਿਹਾ ਕਿ ਮੀਤ ਹੇਅਰ ਸੱਚੀਆਂ ਮੰਗਾਂ ਪ੍ਰਤੀ ਤੁਹਾਡੀ ਅਸਹਿਣਸ਼ੀਲਤਾ ਸ਼ਰਮਸਾਰ ਕਰਨ ਵਾਲੀ ਹੈ। ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਤੁਹਾਨੂੰ ਸ਼ਰਮ ਨਾਲ ਸਿਰ ਝੁਕਾਉਣਾ ਚਾਹੀਦਾ ਹੈ।
ਦੱਸ ਦਈਏ ਕਿ ਸਰਕਾਰੀ ਕਾਲਜਾਂ ’ਚ ਕੀਤੀ ਗਈ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਗਪਗ ਦੋ ਸੌ ਲਾਇਬ੍ਰੇਰੀਅਨਾਂ ਦੀ ਭਰਤੀ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੇ ਜਾਣ ਮਗਰੋਂ ਉਕਤ ਭਰਤੀ ਦੇ ਉਮੀਦਵਾਰਾਂ ਵੱਲੋਂ ਸੋਮਵਾਰ ਨੂੰ ਸਥਾਨਕ ਕਚਹਿਰੀ ਚੌਕ ’ਚ ਪੱਕੀ ਨੌਕਰੀ ਦੀ ਮੰਗ ਲਈ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ।
ਇਸ ਦੌਰਾਨ ਜਿਉਂ ਹੀ ਉਹ ਉਚੇਰੀ ਸਿੱਖਿਆ ਤੇ ਖੇਡ ਮੰਤਰੀ ਦੀ ਕੋਠੀ ਵੱਲ ਬੈਰੀਕੇਡ ਤੋੜ ਕੇ ਵਧਣ ਲੱਗੇ ਤਾਂ ਪੁਲਿਸ ਨੇ ਉਨ੍ਹਾਂ ’ਤੇ ਲਾਠੀਚਾਰਜ ਕਰ ਦਿੱਤਾ। ਪੁਲਿਸ ਦੀਆਂ ਡਾਂਗਾਂ ਅੱਗੇ ਵੀ ਧਰਨਾਕਾਰੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਆਖ਼ਰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਲਾਠੀਚਾਰਜ ਕਰ ਕੇ ਧਰਨੇ ਵਾਲੀ ਥਾਂ ਤੋਂ ਖਦੇੜ ਦਿੱਤਾ ਤੇ ਕੁਝ ਨੂੰ ਪੁਲਿਸ ਬੱਸਾਂ ਧੂਹ ਕੇ ਵੱਖ-ਵੱਖ ਥਾਣਿਆਂ ਵਿੱਚ ਲੈ ਗਈ। ਫਰੰਟ ਦੇ ਕਨਵੀਨਰ ਡਾ. ਸੋਹੇਲ ਕਰਮਜੀਤ ਸਿੰਘ, ਜਗਮੀਤ ਸਿੰਘ ਸਣੇ ਲੜਕੀਆਂ ਨੇ ਕਿਹਾ ਕਿ ‘ਆਪ’ ਸਰਕਾਰ ਵੇਲੇ ਪ੍ਰੋਫੈ਼ਸਰਾਂ ਨਾਲ ਅਜਿਹਾ ਵਰਤਾਅ ਹੋਵੇਗਾ, ਉਨ੍ਹਾਂ ਨੇ ਸੁਫ਼ਨੇ ਵਿੱਚ ਵੀ ਨਹੀਂ ਸੀ ਸੋਚਿਆ।
ਇਹ ਵੀ ਪੜ੍ਹੋਂ: ਸੀਐਮ ਭਗਵੰਤ ਮਾਨ ਦੀ 'ਜ਼ਿਆਦਾ ਖਾਧੀ-ਪੀਤੀ' 'ਤੇ ਮੱਚਿਆ ਬਵਾਲ, 'ਆਪ' ਨੇ ਬੋਲਿਆ ਖਹਿਰਾ 'ਤੇ ਹਮਲਾ, ਬੋਲੇ, 'ਬਦਨਾਮ ਕਰਨ ਲਈ ਜਾਅਲੀ ਖ਼ਬਰਾਂ ਦੇ ਸੌਦਾਗਰ'
ਦੱਸ ਦਈਏ ਕਿ ਪਹਿਲਾਂ ਤੋਂ ਹੀ ਐਲਾਨੇ ਰੋਸ ਪ੍ਰਦਰਸ਼ਨ ਤਹਿਤ 1158 ਸਹਾਇਕ ਪ੍ਰੋਫੈ਼ਸਰ ਭਰਤੀ ਦੇ ਉਮੀਦਵਾਰ ਤੇ ਲਾਇਬਰੇਰੀਅਨ ਫਰੰਟ ਪੰਜਾਬ ਦੇ ਬੈਨਰ ਹੇਠ ਪ੍ਰਦਰਸ਼ਨਕਾਰੀ ਕਚਹਿਰੀ ਚੌਕ ਕੋਲ ਇਕੱਠੇ ਹੋ ਗਏ। ਉਨ੍ਹਾਂ ਵੱਲੋਂ ਪ੍ਰਸ਼ਾਸਨਿਮ ਅਧਿਕਾਰੀਆਂ ਤੋਂ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਉਣ ਦੀ ਮੰਗ ਕੀਤੀ ਗਈ, ਪਰ ਜਦੋਂ ਉਨ੍ਹਾਂ ਦੀ ਕਿਸੇ ਨੇ ਨਾ ਸੁਣੀ ਤਾਂ ਉਨ੍ਹਾਂ ਖੇਡ ਮੰਤਰੀ ਦੀ ਕੋਠੀ ਵੱਲ ਚਾਲ ਪਾ ਦਿੱਤੇ। ਜਦੋਂ ਉਨ੍ਹਾਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ’ਤੇ ਲਾਠੀਚਾਰਜ ਕਰ ਦਿੱਤਾ। ਜਥੇਬੰਦੀ ਦੇ ਆਗੂਆਂ ਨੇ ਪੁਲੀਸ ਲਾਠੀਚਾਰਜ ਦੀ ਨਿੰਦਾ ਕਰਦਿਆਂ ਮੰਗ ਕੀਤੀ ਕਿ ਲਾਠੀਚਾਰਜ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।