ਰੌਬਟ ਦੀ ਰਿਪੋਰਟ



ਚੰਡੀਗੜ੍ਹ: ਪੰਜਾਬ ਵਿੱਚ ਸ਼ਰਮਨਾਕ ਹਾਰ ਮਗਰੋਂ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀਆਂ ਨੂੰ ਸਰਕਾਰੀ ਕੋਠੀਆਂ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਸੀ। ਮੰਤਰੀਆਂ ਨੇ ਕੋਠੀਆਂ ਤਾਂ ਖਾਲੀ ਕਰ ਦਿੱਤੀਆਂ ਪਰ ਇਸ ਦੌਰਾਨ ਕੁਝ ਸਰਕਾਰੀ ਬੰਗਲਿਆਂ ਵਿੱਚੋਂ ਫਰਿੱਜ, ਡਾਈਨਿੰਗ ਟੇਬਲ, ਹੀਟਰ ਤੇ LED, ਕੁਰਸੀਆਂ, ਸੌਫੇ, ਪੱਖੇ ਆਦਿ ਗਾਇਬ ਮਿਲੇ। ਇਸ ਮਗਰੋਂ PWD ਨੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਨੂੰ ਪੱਤਰ ਲਿਖ ਕੇ ਸੂਚਨਾ ਦਿੱਤੀ ਹੈ।

‘ਆਪ’ ਸਰਕਾਰ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮੇਰੀ ਕੋਠੀ ਤੋਂ ਵੀ ਸਾਮਾਨ ਗਾਇਬ ਹੋਇਆ ਹੈ। ਉਨ੍ਹਾਂ ਕਿਹਾ ਕਿ "ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਅਸੀਂ ਨੇਤਾ ਹਾਂ ਜਾਂ ਕੋਈ ਚੋਰ-ਡਾਕੂ, ਜਿਹੜਾ ਸਾਡਾ ਢਿੱਡ ਨਹੀਂ ਭਰਦਾ।"

ਚੰਡੀਗੜ੍ਹ ਦੇ ਸੈਕਟਰ 2 ਸਥਿਤ ਸਰਕਾਰੀ ਕੋਠੀ ਨੰਬਰ 47 ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ ਨੂੰ ਅਲਾਟ ਹੋਈ ਸੀ। ਇੱਥੋਂ ਇੱਕ ਡਾਈਨਿੰਗ ਟੇਬਲ, 10 ਡਾਇਨਿੰਗ ਚੇਅਰ ਤੇ ਇੱਕ-ਇੱਕ ਸਰਵਿਸ ਟਰਾਲੀ ਤੇ ਸੋਫ਼ਾ ਨਹੀਂ ਮਿਲਿਆ। ਹਾਲਾਂਕਿ, ਇਸ ਮਾਮਲੇ ਵਿੱਚ ਕਾਂਗਰਸ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨਾਂ ਆਉਣ 'ਤੇ ਇਸ ਨੂੰ ਨਿਰਾਧਾਰ ਦੱਸਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਜੋ ਵੀ ਸਾਮਾਨ ਲਿਆ ਹੈ, ਉਹ 15 ਸਾਲ ਪੁਰਾਣਾ ਹੈ ਤੇ ਇਸ ਦਾ ਭੁਗਤਾਨ ਕਰ ਕੀਤਾ ਹੋਇਆ ਹੈ।



ਦੱਸ ਦੇਈਏ ਕਿ ਪੰਜਾਬ ਦੇ ਲੋਕ ਨਿਰਮਾਣ ਵਿਭਾਗ (PUDA) ਨੇ 24 ਮਾਰਚ ਨੂੰ ਆਪਣੀ ਇੱਕ ਰਿਪੋਰਟ ਦੇ ਆਧਾਰ 'ਤੇ ਵਿਧਾਨ ਸਭਾ ਸਕੱਤਰ ਨੂੰ ਪੱਤਰ ਲਿਖ ਕੇ ਇਸ ਦੀ ਸ਼ਿਕਾਇਤ ਕੀਤੀ ਹੈ, ਜਿਸ ਵਿੱਚ ਸਰਕਾਰੀ ਕਮਰਿਆਂ ਵਿੱਚ ਫਰਨੀਚਰ ਤੋਂ ਇਲਾਵਾ ਬਿਜਲੀ ਦੀਆਂ ਵਸਤੂਆਂ ਨਾ ਹੋਣ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਹਨ।

ਕਾਂਗਰਸ ਦੇ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੇ ਘਰੋਂ 2 ਫਰਿੱਜ, ਇੱਕ ਐਲਈਡੀ, ਰੂਮ ਹੀਟਰ, ਹੀਟ ਕਨਵੇਕਟਰ, ਫਰਾਟਾ ਪੱਖਾ ਸਣਏ ਕੁਲ 4.75 ਲੱਖ ਦਾ ਸਾਮਾਨ ਗਾਇਬ ਮਿਲਿਆ ਹੈ। ਵਿਭਾਗ ਨੇ ਵਿਧਾਨ ਸਭਾ ਦੇ ਸਕੱਤਰ ਤੋਂ ਮੰਗ ਕੀਤੀ ਕਿ ਉਹ ਇਹ ਸਾਮਾਨ ਵਾਪਸ ਦਿਵਾਉਣ ਲਈ ਮੰਤਰੀ ਨੂੰ ਕਹਿਣ ਤਾਂਕਿ ਉਨ੍ਹਾਂ ਨੂੰ ਨੋ ਡਿਊ ਸਰਟੀਫਿਕੇਟ ਦਿੱਤਾ ਜਾ ਸਕੇ।

ਇਸ ਮਾਮਲੇ ਵਿੱਚ ਸਾਬਕਾ ਮੰਤਰੀ ਗੁਰਪੀਤ ਕਾਂਗੜ ਨੇ ਕਿਹਾ ਹੈ ਕਿ ਅਜੇ ਸਾਮਾਨ ਸਰਕਾਰੀ ਰਿਹਾਇਸ਼ ‘ਚ ਹੀ ਪਿਆ ਹੈ, ਉਨ੍ਹਾਂ ਨੇ ਖਾਲੀ ਨਹੀਂ ਕੀਤੀ ਹੈ। ਜਿਹੜਾ ਸਾਮਾਨ ਦੱਸਆ ਜਾ ਰਿਹਾ ਹੈ, ਉਸ ਨੂੰ ਵਿਭਾਗ ਦੇ ਹਵਾਲੇ ਕਰ ਦਿੱਤਾ ਜਾਏਗਾ।