ਫਰੀਦਕੋਟ: ਪੁਲਿਸ ਹਿਰਾਸਤ ਵਿੱਚ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਕਥਿਤ ਮੁੱਖ ਮੁਲਜ਼ਮ ਰਣਧੀਰ ਸਿੰਘ ਦੇ ਦੋਸਤ ਜਸਵੰਤ ਬਿੱਟਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਰੀਦਕੋਟ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਬਿੱਟਾ ਨੂੰ ਸੱਤ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਜਸਵੰਤ ਨੇ ਇਸ ਮਾਮਲੇ ਵਿੱਚ ਕਥਿਤ ਮੁੱਖ ਮੁਲਜ਼ਮ ਰਣਬੀਰ ਸਿੰਘ ਨਾਲ ਸਾਜਿਸ਼ ਤਹਿਤ ਜਸਪਾਲ ਨੂੰ ਪੁਲਿਸ ਮਾਮਲੇ 'ਚ ਉਲਝਾਉਣ ਲਈ ਰਣਬੀਰ ਦਾ ਸਾਥ ਦਿੱਤਾ ਸੀ। ਇਸੇ ਨੇ ਹੀ ਜਸਪਾਲ ਨੂੰ ਫੋਨ ਕਰਕੇ ਪਿੰਡ ਰੱਤੀ ਰੋੜੀ ਵਿੱਚ ਆਪਣੇ ਕੋਲ ਬੁਲਾਇਆ ਸੀ। ਇੱਥੋਂ ਜਸਪਾਲ ਦੀ ਹੀ ਗ੍ਰਿਫ਼ਤਾਰੀ ਹੋਈ ਸੀ।

ਜਸਪਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਿੱਟਾ ਉਸੇ ਦਿਨ ਤੋਂ ਫਰਾਰ ਚੱਲ ਰਿਹਾ ਸੀ। ਉਸ ਦੇ ਨਾਲ ਪੁਲਿਸ ਨੇ ਦੋ ਹੋਰ ਮੁਲਜ਼ਮ ਪੁਲਿਸ ਮੁਲਾਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਅਦਾਲਤ ਪੇਸ਼ ਕੀਤਾ ਜਿਨ੍ਹਾਂ ਖੁਰਦ-ਬੁਰਦ ਕਰਨ ਦੇ ਮਕਸਦ ਨਾਲ ਜਸਪਾਲ ਦੀ ਲਾਸ਼ ਨੂੰ ਨਹਿਰ ਵਿੱਚ ਸੁੱਟਿਆ ਸੀ। ਹਾਲਾਂਕਿ ਪੁਲਿਸ ਇਨ੍ਹਾਂ ਦੋਵਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਸਕੀ।

ਦੂਜੇ ਪਾਸੇ ਜਸਪਾਲ ਸਿੰਘ ਦਾ ਪਰਿਵਾਰ ਇਨਸਾਫ ਲਈ ਹਾਲੇ ਤਕ ਧਰਨੇ 'ਤੇ ਬੈਠਾ ਹੈ। ਜੋ ਪੁਲਿਸ ਨੂੰ ਇਕ ਲਾਸ਼ ਮਿਲੀ ਸੀ, ਪਰਿਵਾਰ ਉਸ ਦਾ DNA ਟੈਸਟ ਕਰਵਾਉਣ ਤੋਂ ਇਨਕਾਰ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਜੋ ਲਾਸ਼ ਮਿਲੀ ਹੈ, ਉਹ ਜਸਪਾਲ ਦੀ ਨਹੀਂ। ਪਰਿਵਾਰ ਨੇ ਕਿਹਾ ਕਿ ਪੁਲਿਸ ਜਾਣ-ਬੁੱਝ ਕੇ ਮਾਮਲੇ ਨੂੰ ਉਲਝੀ ਰਹੀ ਹੈ। ਉਨ੍ਹਾਂ ਕਿਹਾ ਕੀ ਇਨਸਾਫ ਮਿਲਣ ਤਕ ਉਹ ਧਰਨਾ ਜਾਰੀ ਰੱਖਣਗੇ।

ਇਸ ਬਾਰੇ ਐਸਪੀ ਭੂਪਿੰਦਰ ਸਿੰਘ ਨੇ ਦੱਸਿਆ ਕਿ ਹਨੂੰਮਾਨਗੜ੍ਹ ਤੋਂ ਜੋ ਲਾਸ਼ ਮਿਲੀ ਸੀ, ਉਸ ਦਾ ਪੋਸਟਮਾਰਟਮ ਹੋ ਚੁੱਕੀ ਹੈ ਤੇ DNA ਲਈ ਉਸਦਾ ਸੈਂਪਲ ਜੈਪੁਰ ਲੈਬ ਵਿੱਚ ਰੱਖਿਆ ਗਿਆ ਹੈ। ਜੇ ਪਰਿਵਾਰ ਆਪਣਾ ਡੀਐਨਏ ਸੈਂਪਲ ਦਿੰਦਾ ਹੈ ਤਾਂ ਇਸ ਨੂੰ ਮੈਚ ਕਰਵਾ ਕੇ ਹੀ ਪਤਾ ਲਾਇਆ ਜਾ ਸਕੇਗਾ ਕਿ ਇਹ ਲਾਸ਼ ਜਸਪਾਲ ਦੀ ਹੈ ਜਾਂ ਨਹੀਂ।