ਦਰਅਸਲ ਕਿਸੇ ਦੂਜੀ ਪਾਰਟੀ ਵਿੱਚ ਸ਼ਾਮਲ ਹੋਣ ਮਗਰੋਂ ਦਲਬਦਲੀ ਕਾਨੂੰਨ ਤਹਿਤ ਵਿਧਾਇਕ ਦੀ ਮੈਂਬਰਸ਼ਿਪ ਖੁਦ ਹੀ ਖਤਮ ਹੋ ਜਾਂਦੀ ਹੈ। ਇਸ ਬਾਰੇ ਕਾਰਵਾਈ ਨੂੰ ਅਮਲ ਵਿੱਚ ਸਪੀਕਰ ਨੇ ਲਿਆਉਣਾ ਹੁੰਦਾ ਹੈ। ਆਮ ਆਦਮੀ ਪਾਰਟੀ ਦੇ ਦੋ ਰੋਪੜ ਤੋਂ ਅਮਰਜੀਤ ਸਿੰਘ ਸੰਦੋਆ ਤੇ ਮਾਨਸਾ ਤੋਂ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਦੋ ਵਿਧਾਇਕਾਂ ਨੇ ਸੁਖਪਾਲ ਸਿੰਘ ਖਹਿਰਾ ਤੇ ਮਾਸਟਰ ਬਲਦੇਵ ਸਿੰਘ ਨੇ ਵੱਖਰੀ ਪਾਰਟੀ ਬਣਾ ਲਈ ਹੈ। ਇਸ ਤੋਂ ਇਲਾਵਾ ਵਿਧਾਇਕ ਐਚਐਸ ਫੂਲਕਾ ਅਸਤੀਫਾ ਦੇ ਚੁੱਕੇ ਹਨ।
ਸਪੀਕਰ ਕੋਲ ਇਨ੍ਹਾਂ ਪੰਜਾਂ ਵਿਧਾਇਕਾਂ ਦੇ ਅਸਤੀਫੇ ਪਹੁੰਚ ਚੁੱਕੇ ਹਨ ਪਰ ਉਹ ਕੋਈ ਫੈਸਲਾ ਨਹੀਂ ਲੈ ਰਹੇ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਸਰਕਾਰ ਢੁੱਕਵਾਂ ਸਮਾਂ ਵੇਖ ਕੇ ਹੀ ਇਸ ਬਾਰੇ ਫੈਸਲਾ ਕਰਨਾ ਚਾਹੁੰਦੀ ਹੈ ਤਾਂ ਜੋ ਜ਼ਿਮਨੀ ਚੋਣਾਂ ਦੌਰਾਨ ਇਨ੍ਹਾਂ ਸੀਟਾਂ ਨੂੰ ਆਪਣੀ ਝੋਲੀ ਪਾ ਸਕੇ। ਇਸ ਵੇਲੇ ਪੰਜਾਬ ਦੀਆਂ ਦੋ ਹੋਰ ਸੀਟਾਂ ਜਲਾਲਾਬਾਦ ਤੇ ਫਗਵਾੜਾ ਤੋਂ ਵਿਧਾਇਕ ਲੋਕ ਸਭਾ ਮੈਂਬਰ ਬਣ ਚੁੱਕੇ ਹਨ। ਇਸ ਲਈ ਇਨ੍ਹਾਂ ਸੀਟਾਂ ਉੱਪਰ ਵੀ ਜ਼ਿਮਨੀ ਚੋਣ ਹੋਣੀ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਸਾਰੀਆਂ ਸੀਟਾਂ 'ਤੇ ਇਕੱਠੀਆਂ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ।
ਉਧਰ, ਆਮ ਆਦਮੀ ਪਾਰਟੀ ਵੀ ਸਪੀਕਰ ਦੇ ਰਵੱਈਏ ਤੋਂ ਨਾਖੁਸ਼ ਹੈ। ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਖਹਿਰਾ ਨੂੰ ਅਯੋਗ ਠਹਿਰਾਉਣ ਲਈ ਸਪੀਕਰ ਨਾਲ ਮੁਲਾਕਾਤ ਵੀ ਕੀਤੀ ਸੀ। ਅਮਰਜੀਤ ਸੰਦੋਆ ਦੇ ਮਾਮਲੇ ’ਚ ਵੀ ‘ਆਪ’ ਆਗੂ ਦਿਨੇਸ਼ ਚੱਢਾ ਨੇ ਸਪੀਕਰ ਨੂੰ ਪੱਤਰ ਲਿਖ ਕੇ ਅਯੋਗ ਠਹਿਰਾਉਣ ਲਈ ਕਿਹਾ ਸੀ। ਚੀਮਾ ਨੇ ਕਿਹਾ ਕਿ ਉਨ੍ਹਾਂ ਛੇ ਮਹੀਨੇ ਪਹਿਲਾਂ ਸਪੀਕਰ ਨੂੰ ਮਿਲ ਕੇ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਲਈ ਕਿਹਾ ਸੀ ਪਰ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ ਹੈ।
ਉਨ੍ਹਾਂ ਇਲਜ਼ਾਮ ਲਾਇਆ ਕਿ ਸਪੀਕਰ ਕਾਂਗਰਸ ਪਾਰਟੀ ਦੇ ਹੱਕ ’ਚ ਸੰਵਿਧਾਨਕ ਅਹੁਦੇ ਦੀ ਦੁਰਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨੇਮਾਂ ਨੂੰ ਛਿੱਕੇ ਟੰਗਣ ਲਈ ਉਹ ਸਪੀਕਰ ਖ਼ਿਲਾਫ਼ ਪੰਜਾਬ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ। ਸਪੀਕਰ ਰਾਣਾ ਕੇਪੀ ਸਿੰਘ ਨਾਲ ਜਦੋਂ ਇਸ ਬਾਬਤ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਸੁਣਿਆ।