ਫਰੀਦਕੋਟ: ਬੀਤੇ ਦਿਨੀਂ ਇਲੈਕਟ੍ਰੀਸ਼ਨ ਧਰਮਿੰਦਰ ਕੁਮਾਰ ਦੀ ਪਤਨੀ ਤੇ ਉਸ ਦੇ ਦੋ ਬੱਚਿਆਂ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਫਰੀਦਕੋਟ ਪੁਲਿਸ ਨੇ ਮਹਿਜ਼ ਤਿੰਨ ਦਿਨਾਂ ਅੰਦਰ ਇਸ ਕੇਸ ਦੀ ਗੁੱਥੀ ਸੁਲਝਾਉਂਦਿਆਂ ਅੱਜ ਖ਼ੁਲਾਸਾ ਕੀਤਾ ਕਿ ਇਲੈਕਟ੍ਰੀਸ਼ਨ ਨੇ ਹੀ ਆਪਣੀ ਪਤਨੀ ਤੇ ਬੱਚਿਆਂ ਦਾ ਗਲ਼ਾ ਘੁੱਟ ਕੇ ਕਤਲ ਕੀਤਾ ਸੀ। ਪੁਲਿਸ ਨੂੰ ਭੁਲੇਖਾ ਪਾਉਣ ਲਈ ਮੁਲਜ਼ਮ ਇਲੈਕਟ੍ਰੀਸ਼ਨ ਨੇ ਖ਼ੁਦਕੁਸ਼ੀ ਪੱਤਰ ਵੀ ਲਿਖਿਆ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਕਤਲ ਦੌਰਾਨ ਇਸਤੇਮਾਲ ਕੀਤਾ ਗਏ ਪਲਾਸਟਿਕ ਦੇ ਦਸਤਾਨੇ ਵੀ ਬਰਾਮਦ ਕੀਤੇ ਹਨ।
ਘਟਨਾ ਬੀਤੀ 9 ਅਕਤੂਬਰ ਨੂੰ ਫਰੀਦਕੋਟ ਦੇ ਸੁੰਦਰ ਨਗਰ ਦੀ ਗਲੀ ਨੰਬਰ ਪੰਜ ਵਿੱਚ ਸਵੇਰੇ ਵਾਪਰੀ। ਬਿਜਲੀ ਵਿਭਾਗ ਵਿੱਚ ਠੇਕਾ ਅਧਾਰਤ ਕੰਮ ਕਰਨ ਵਾਲੇ ਇਲੈਕਟ੍ਰੀਸ਼ਨ ਦੀ ਪਤਨੀ ਤੇ ਉਸ ਦੇ ਦੋ ਬੱਚਿਆਂ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਸੀ। ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਮੌਕੇ 'ਤੇ ਪਹੁੰਚੀ ਪੁਲਿਸ ਨੇ ਪਹਿਲੀ ਨਜ਼ਰੇ ਆਮ ਕੇਸ ਮੰਨ ਕੇ ਜਾਂਚ ਸ਼ੁਰੂ ਕੀਤੀ ਸੀ ਪਰ ਜਦ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਕੇਸ ਵਿੱਚ ਹੈਰਾਨੀਜਨਕ ਖੁਲਾਸੇ ਹੋਏ। ਮ੍ਰਿਤਕ ਔਰਤ ਦਾ ਪਤੀ ਹੀ ਆਪਣੀ ਪਤਨੀ ਤੇ ਬੱਚਿਆਂ ਦਾ ਕਾਤਲ ਨਿਕਲਿਆ।
ਪੁਲਿਸ ਮੁਖੀ ਮੁਤਾਬਕ ਮੁਲਜ਼ਮ ਧਰਮਿੰਦਰ ਨੇ ਬੜੀ ਸਫਾਈ ਨਾਲ ਇਸ ਤੀਹਰੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਦੇ ਸਿਰ ਕਰੀਬ ਡੇਢ ਦੋ ਲੱਖ ਰੁਪਏ ਦਾ ਕਰਜ਼ਾ ਸੀ ਜੋ ਉਸ ਨੇ ਮੀਟਰ ਟੈਂਪਰਿੰਗ ਕਰਕੇ ਬਿੱਲ ਘਟਾਉਣ ਖਾਤਰ ਵੱਖ-ਵੱਖ ਲੋਕਾਂ ਤੋਂ ਲਿਆ ਸੀ। ਮੀਟਰ ਟੈਂਪਰ ਨਾ ਹੋਣ ਕਾਰਨ ਲੋਕ ਉਸ ਤੋਂ ਪੈਸਾ ਵਾਪਸ ਮੰਗ ਰਹੇ ਸਨ। ਇਸੇ ਕਾਰਨ ਧਰਮਿੰਦਰ ਸਿੰਘ ਨੇ ਲੋਕਾਂ ਤੋਂ ਬਚਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਏਗਾ। ਪੁਲਿਸ ਨੂੰ ਹੋਰ ਤੱਥ ਸਾਹਮਣੇ ਆਉਣ ਦੀ ਉਮੀਦ ਹੈ।
ਵੇਖੋ ਵੀਡੀਓ-