ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਰੋਸ ਵਿੱਚ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ਵਿੱਚ ਧਰਨਾ ਦੇ ਰਹੀ ਸੰਗਤ ਉਪਰ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ, ਪਾਣੀ ਦੀਆਂ ਬੌਛਾੜਾਂ ਤੇ ਹਵਾਈ ਫਾਇਰਿੰਗ ਦੇ ਤਿੰਨ ਸਾਲ ਪੂਰੇ ਹੋਣ ’ਤੇ ਵੀ ਇਨਸਾਫ ਨਾ ਮਿਲਣ ਕਾਰਨ ਸਿੱਖ ਸੰਗਤਾਂ ਅੱਜ ਦੇ ਦਿਨ ਨੂੰ ‘ਲਾਹਨਤ ਦਿਹਾੜਾ’ ਵਜੋਂ ਮਨਾ ਰਹੀਆਂ ਹਨ। ਇਸ ਮੌਕੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਂਝੀ ਦੀ ਅਗਵਾਈ ਵਿੱਚ ਜਪੁਜੀ ਸਾਹਿਬ ਦੇ ਪਾਠ ਦੇ ਭੋਗ ਪਏ ਗਏ ਤੇ ਬਾਅਦ ਵਿੱਚ ਸਰਕਾਰ ਦੇ ਨਾਂ ਇੱਕ ਲਾਹਨਤ ਪੱਤਰ ਸੰਗਤਾਂ ਦੇ ਸਨਮੁੱਖ ਰੱਖਿਆ ਗਿਆ>

ਇਸ ਮੌਕੇ ਕੋਟਕਪੂਰਾ ਐਸ ਡੀ ਐਮ ਪਰਮਪਾਲ ਸਿੰਘ ਨੂੰ ਸਰਕਾਰ ਦੇ ਨਾਮ ਲਾਹਨਤ ਪੱਤਰ ਸੌਂਪਿਆ ਗਿਆ। ਇਸ ਸਮਾਗਮ ਵਿੱਚ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਸਾਬਕਾ ਜਥੇਦਾਰ ਕੇਵਲ ਸਿੰਘ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਪ੍ਰਧਾਨ ਅਮਨ ਅਰੋੜਾ, ਕੁਲਤਾਰ ਸੰਧਵਾਂ, ਮਾਸਟਰ ਬਲਦੇਵ ਸਿੰਘ ਨੇ ਵੀ ਸ਼ਿਰਕਤ ਕੀਤੀ। ਅਮਨ ਅਰੋੜਾ ਨੇ ਕਿਹਾ ਕਿ ਅੱਜ ਦੇ ਦਿਨ ਕੋਟਕਪੂਰਾ ਵਿੱਚ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ ਸੀ ਤੇ ਗੋਲੀ ਚਲੀ ਗਈ ਸੀ। ਸਰਕਾਰ ਨੂੰ ਇਸ ਦਾ ਰੋਸ ਕਰ ਰਹੇ ਲੋਕਾਂ ਨੂੰ ਇਨਸਾਫ ਦੇਣਾ ਚਾਹੀਦਾ ਹੈ।

ਇਸ ਮੌਕੇ ਕੋਟਕਪੂਰਾ ਗੋਲੀ ਕਾਂਡ ਵਿਚ ਜਖਮੀ ਹੋਏ ਗਗਨ ਪ੍ਰੀਤ ਨੇ ਬਿਆਨ ਕੀਤਾ ਕਿ ਕਿਸ ਤਰਾਂ ਲੋਕਾਂ ਤੇ ਉਸ ’ਤੇ ਗੋਲੀ ਚਲਾਈ ਗਈ। ਉਹ ਹਰ ਕਿਤੇ ਆਪਣੇ ਬਿਆਨ ਦਰਜ ਕਾਰਵਾ ਚੁੱਕੇ ਹਨ, ਪਰ ਅਜੇ ਤਕ ਕੋਈ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਸਰਕਾਰ ਕੋਲੋਂ ਇਨਸਾਫ ਦੀ ਮੰਗ ਕੀਤੀ।