ਸੰਗਰੂਰ: ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ 'ਚ ਪੰਜਾਬ ਦੇ ਸੰਗਰੂਰ 'ਚ ਇਕ ਕਿਸਾਨ ਆਪਣੇ 2 ਮੰਜ਼ਿਲਾ ਮਕਾਨ ਨੂੰ ਮੌਜੂਦਾ ਜਗ੍ਹਾ ਤੋਂ 500 ਫੁੱਟ ਦੂਰ ਲਿਜਾਂਦਾ ਦੇਖਿਆ ਜਾ ਸਕਦਾ ਹੈ। 1-ਮਿੰਟ 13-ਸੈਕਿੰਡ ਦੀ ਵੀਡੀਓ ਕਲਿੱਪ ਵਿੱਚ ਮਜ਼ਦੂਰਾਂ ਦੇ ਇੱਕ ਸਮੂਹ ਨੇ ਕਿਸਾਨ ਦੀ ਕੋਠੀ ਨੂੰ ਮੌਜੂਦਾ ਥਾਂ ਤੋਂ ਉਸ ਦੇ ਘਰ ਨੂੰ ਸ਼ਿਫਟ ਕਰਨ 'ਚ ਮਦਦ ਕੀਤੀ।


ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ, ਘਰ ਦੇ ਮਾਲਕ ਸੁਖਵਿੰਦਰ ਸਿੰਘ ਸੁੱਖੀ ਨੇ ਕਿਹਾ, "ਮੈਂ ਇਸ ਘਰ ਨੂੰ ਸ਼ਿਫਟ ਕਰ ਰਿਹਾ ਹਾਂ ਕਿਉਂਕਿ ਇਹ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦੇ ਰਸਤੇ ਵਿੱਚ ਆ ਰਿਹਾ ਸੀ। ਮੈਨੂੰ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਮੈਂ ਹੋਰ ਘਰ ਨਹੀਂ ਬਣਾਉਣਾ ਚਾਹੁੰਦਾ ਸੀ। ਮੈਂ ਇਸ ਨੂੰ ਬਣਾਉਣ ਲਈ ਲਗਭਗ 1.5 ਕਰੋੜ ਰੁਪਏ ਖਰਚ ਕੀਤੇ ਹਨ। ਇਸ ਸਮੇਂ ਇਹ 250 ਫੁੱਟ ਤੱਕ ਖਿਸਕਾਇਆ ਗਿਆ ਹੈ।"


 



ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ (Delhi-Amritsar-Katra Expressway) ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।ਤਿੰਨ ਰਾਜਾਂ ਵਿੱਚੋਂ ਲੰਘਣ ਵਾਲੇ ਇਸ ਐਕਸਪ੍ਰੈਸ ਵੇਅ ’ਤੇ ਦੋ ਰਾਜਾਂ ਵਿੱਚ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਤੀਜੇ ਰਾਜ ਵਿੱਚ ਉਸਾਰੀ ਸ਼ੁਰੂ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਹਰਿਆਣਾ ਵਿੱਚੋਂ ਲੰਘਣ ਵਾਲੇ ਇਸ ਐਕਸਪ੍ਰੈਸਵੇਅ ਦੇ ਹਿੱਸੇ ਦੇ ਨਿਰਮਾਣ ਕਾਰਜ ਨੂੰ ਪੂਰਾ ਕਰਨ ਦੀ ਸਮਾਂ ਸੀਮਾ ਤੈਅ ਕੀਤੀ ਹੈ। ਇਹ ਮਾਰਚ 2024 ਤੱਕ ਪੂਰਾ ਹੋ ਜਾਵੇਗਾ। ਇਸ ਦੇ ਤਿਆਰ ਹੋਣ ਤੋਂ ਬਾਅਦ ਦਿੱਲੀ ਤੋਂ ਪੰਜਾਬ ਜਾਣਾ ਆਸਾਨ ਹੋ ਜਾਵੇਗਾ। ਦਿੱਲੀ-ਕਟੜਾ ਐਕਸਪ੍ਰੈਸਵੇਅ 668 ਕਿਲੋਮੀਟਰ ਲੰਬਾ ਹੈ, ਜੋ ਤਿੰਨ ਰਾਜਾਂ ਹਰਿਆਣਾ, ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚੋਂ ਲੰਘੇਗਾ।


ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅਨੁਸਾਰ 597 ਕਿਲੋਮੀਟਰ ਜ਼ਮੀਨ ਐਕੁਆਇਰ ਕਰਕੇ ਉਸਾਰੀ ਲਈ ਸੌਂਪ ਦਿੱਤੀ ਗਈ ਹੈ। ਬਾਕੀ ਰਹਿੰਦੀ ਜ਼ਮੀਨ ਵੀ ਜਲਦੀ ਐਕੁਆਇਰ ਕਰ ਲਈ ਜਾਵੇਗੀ।ਇਸ ਐਕਸਪ੍ਰੈਸਵੇਅ ਦਾ ਵੱਧ ਤੋਂ ਵੱਧ ਹਿੱਸਾ 422 ਕਿਲੋਮੀਟਰ ਪੰਜਾਬ ਵਿੱਚੋਂ ਲੰਘੇਗਾ। ਹਰਿਆਣਾ ਅਤੇ ਪੰਜਾਬ ਵਿਚ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ, ਜਦਕਿ ਜੰਮੂ-ਕਸ਼ਮੀਰ ਵਿਚ ਜ਼ਮੀਨ ਐਕੁਆਇਰ ਕਰਕੇ ਉਸਾਰੀ ਏਜੰਸੀ ਨੂੰ ਸੌਂਪ ਦਿੱਤੀ ਗਈ ਹੈ। ਹਰਿਆਣਾ ਵਿੱਚ 158 ਕਿਲੋਮੀਟਰ ਲੰਬਾ ਐਕਸਪ੍ਰੈਸਵੇਅ ਹੋਵੇਗਾ।


668 ਕਿਲੋਮੀਟਰ ਲੰਬਾ ਐਕਸਪ੍ਰੈਸ ਵੇਅ 158 ਕਿਲੋਮੀਟਰ ਹਰਿਆਣਾ ਅਤੇ 422 ਕਿਲੋਮੀਟਰ ਪੰਜਾਬ ਵਿੱਚ ਹੋਵੇਗਾ। ਹਰਿਆਣਾ ਵਿੱਚ 158 ਕਿਲੋਮੀਟਰ ਦੇ ਖੇਤਰ ਵਿੱਚ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ, ਜਦੋਂ ਕਿ ਪੰਜਾਬ ਵਿੱਚ 107 ਕਿਲੋਮੀਟਰ ਦੇ ਖੇਤਰ ਵਿੱਚ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਕੁੱਲ 384 ਕਿਲੋਮੀਟਰ ਜ਼ਮੀਨ ਸੌਂਪੀ ਜਾ ਚੁੱਕੀ ਹੈ।ਇੱਥੇ 39 ਕਿਲੋਮੀਟਰ ਸੈਕਸ਼ਨ ਲਈ ਡੀਪੀਆਰ ਤਿਆਰ ਕੀਤੀ ਜਾ ਰਹੀ ਹੈ। ਜੰਮੂ-ਕਸ਼ਮੀਰ ਵਿੱਚ 88 ਕਿਲੋਮੀਟਰ ਲੰਬਾ ਐਕਸਪ੍ਰੈਸਵੇਅ ਹੋਵੇਗਾ, ਜਿਸ ਵਿੱਚੋਂ 55 ਕਿਲੋਮੀਟਰ ਜ਼ਮੀਨ ਸੌਂਪ ਦਿੱਤੀ ਗਈ ਹੈ। ਇਸ ਐਕਸਪ੍ਰੈਸ ਵੇਅ ਦੀ ਕੁੱਲ ਅਨੁਮਾਨਿਤ ਲਾਗਤ 3737525 ਕਰੋੜ ਰੁਪਏ ਹੈ।


ਮੌਜੂਦਾ ਸਮੇਂ 'ਚ ਦਿੱਲੀ ਤੋਂ ਵੈਸ਼ਨੋਦੇਵੀ, ਕਟੜਾ ਤੱਕ ਸੜਕ ਰਾਹੀਂ ਜਾਣ 'ਚ ਕਰੀਬ 14 ਘੰਟੇ ਲੱਗਦੇ ਹਨ। ਦਿੱਲੀ ਤੋਂ ਅੰਮ੍ਰਿਤਸਰ ਤੱਕ 405 ਕਿਲੋਮੀਟਰ ਦਾ ਸਫਰ ਕਰਨ ਲਈ ਅੱਠ ਘੰਟੇ ਲੱਗਦੇ ਹਨ। ਪਰ ਐਕਸਪ੍ਰੈਸ ਵੇਅ ਬਣਨ ਤੋਂ ਬਾਅਦ ਕਟੜਾ ਦੀ ਦੂਰੀ ਅੱਠ ਘੰਟਿਆਂ ਵਿੱਚ ਅਤੇ ਅੰਮ੍ਰਿਤਸਰ ਦੀ ਦੂਰੀ ਚਾਰ ਘੰਟਿਆਂ ਵਿੱਚ ਤੈਅ ਕੀਤੀ ਜਾ ਸਕੇਗੀ। ਇਹ ਐਕਸਪ੍ਰੈਸ ਵੇਅ ਚਾਰ ਮਾਰਗੀ ਹੋਵੇਗਾ, ਜਿਸ ਵਿੱਚ ਟਰੱਕ ਸਟਾਪ, ਫੂਡ ਕੋਰਟ, ਟਰਾਮਾ ਸੈਂਟਰ, ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਟਰੈਫਿਕ ਪੁਲਿਸ ਸਟੇਸ਼ਨ ਹੋਣਗੇ।