ਰੌਬਟ ਦੀ ਰਿਪੋਰਟ


ਚੰਡੀਗੜ੍ਹ: ਖੇਤੀ ਕਾਨੂੰਨਾਂ ਲੈ ਕੇ ਕਿਸਾਨ ਪਿਛਲੇ 17 ਦਿਨਾਂ ਤੋਂ ਦਿੱਲੀ ਦੀਆਂਹੱਦਾਂ ਤੇ ਡਟੇ ਹੋਏ ਹਨ। ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਪਾਸ ਕੀਤੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਵੇ ਪਰ ਕੇਂਦਰ ਦੀ ਮੋਦੀ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈ ਲਈ ਬਿਲਕੁਲ ਵੀ ਤਿਆਰ ਨਹੀਂ।



ਉਧਰ ਕਿਸਾਨਾਂ ਦਾ ਅੰਦੋਲਨ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਹੁਣ ਕਿਸਾਨਾਂ ਦੇ ਨਾਲ-ਨਾਲ ਇਸ ਅੰਦੋਲਨ 'ਚ ਔਰਤਾਂ ਦੀ ਵੱਡੀ ਗਿਣਤੀ ਵੀ ਸ਼ਾਮਲ ਹੋਣੀ ਸ਼ੁਰੂ ਹੋ ਗਈ ਹੈ। ਪੰਜਾਬ ਤੇ ਹਰਿਆਣਾ ਤੋਂ ਮਹਿਲਾਵਾਂ ਵੱਡੀ ਗਿਣਤੀ 'ਚ ਇਸ ਅੰਦੋਲਨ 'ਚ ਸ਼ਾਮਲ ਹੋਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਪਹੁੰਚ ਰਹੀਆਂ ਹਨ।



ਇਹ ਔਰਤਾਂ ਜਿਨ੍ਹਾਂ ਦੇ ਪਤੀ, ਪੁੱਤਰ ਜਾਂ ਭਰਾ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਕਰਦੇ ਹੋਏ ਘਰ ਛੱਡ ਦਿੱਲੀ ਦੀਆਂ ਹੱਦਾਂ ਤੇ ਡੇਰਾ ਲਾਈ ਬੈਠੇ ਹਨ, ਵੀ ਹੁਣ ਅੰਦੋਲਨ 'ਚ ਸ਼ਾਮਲ ਹੋ ਰਹੀ ਹਨ। ਔਰਤਾਂ ਦਾ ਕਹਿਣਾ ਹੈ ਕਿ ਭਾਵੇਂ ਥੋੜ੍ਹੇ ਦਿਨ ਲਈ ਹੀ ਪਰ ਅਸੀਂ ਪਿੰਡ ਤੋਂ ਰਾਸ਼ਟਰੀ ਰਾਜਧਾਨੀ ਖੇਤੀ ਕਾਨੂੰਨਾਂ ਦੇ ਵਿਰੋਧ ਲਈ ਆਏ ਹਾਂ। ਇਹ ਔਰਤਾਂ ਆਪਣੇ ਆਪ ਨੂੰ ਘਰੇਲੂ, ਖੇਤ ਮਜ਼ਦੂਰ ਤੇ ਪ੍ਰਦਰਸ਼ਨਕਾਰੀ ਦੱਸਦੀਆਂ ਹਨ।



ਕਿਸਾਨਾਂ ਨੇ ਵੱਖ-ਵੱਖ ਸੰਸਥਾਵਾਂ ਤੇ ਖੁੱਲ੍ਹੇ ਦਿਲ ਵਾਲੇ ਦਾਨੀਆਂ ਦੀ ਮਦਦ ਨਾਲ ਆਪਣੇ ਅੰਦੋਲਨ ਨੂੰ ਕਾਇਮ ਰੱਖਣ ਲਈ ਸਾਰੇ ਅੜਿਕੇ ਪਛਾਂਹ ਛੱਡ ਦਿੱਤੇ ਹਨ। ਅੰਦੋਲਨ 'ਚ ਪੱਕੇ ਖਾਣੇ, ਫਲ, ਡਰਾਈ ਫਰੂਟ ਤੇ ਇੱਥੋਂ ਤੱਕ ਕਿ ਚਾਟ ਗੋਲ ਗੱਪ ਆਦਿ ਦੀ ਵੀ ਨਿਰੰਤਰ ਸਪਲਾਈ ਦੇਖੀ ਜਾਂ ਰਹੀ ਹੈ। ਇੱਥੇ ਚਾਹ ਪਕੌੜੇ, ਕੋਲਡ ਡਰਿੰਕ, ਖੀਰ ਤੇ ਹੋਰ ਖਾਣ ਵਾਲੀਆਂ ਚੀਜ਼ਾਂ ਦਾ ਲੰਗਰ ਵੀ ਲਗਾਤਾਰ ਜਾਰੀ ਹੈ। ਲਾਂਡਰੀ ਸੇਵਾ ਤੇ ਡਾਕਟਰੀ ਸਹੂਲਤਾਂ ਦੇ ਪ੍ਰਬੰਧ, ਨਿਯਮਤ ਸਿਹਤ ਜਾਂਚਾਂ ਤੇ ਦੰਦਾਂ ਦੇ ਕੈਂਪ ਦਾ ਵੀ ਇਸ ਅੰਦੋਲਨ 'ਚ ਜਾਰੀ ਹੈ।