Punjab News: ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਕਿ ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧਨ ਤੇ ਨਿਪਟਾਰੇ ਲਈ ਲੋੜੀਂਦੀਆਂ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ, ਪਰ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ। ਕਿਸਾਨਾਂ ਨੂੰ ਚਿੰਤਾ ਹੈ ਕਿ ਕਣਕ ਦੀ ਬਿਜਾਈ ਦਾ ਸਮਾਂ ਖਤਮ ਹੋ ਰਿਹਾ ਹੈ ਅਤੇ ਮਸ਼ੀਨਾਂ ਨਾ ਮਿਲਣ ਕਾਰਨ ਉਨ੍ਹਾਂ ਨੂੰ ਦੇਰੀ ਹੋ ਸਕਦੀ ਹੈ।
ਮਹਿੰਗੇ ਕਿਰਾਏ ਹੋਣ ਕਰਕੇ ਕਿਸਾਨ ਵੱਟ ਰਹੇ ਨੇ ਪਾਸਾ
ਜ਼ਿਕਰ ਕਰ ਦਈਏ ਕਿ ਕਿਰਾਏ 'ਤੇ ਮਸ਼ੀਨਾਂ ਲੈਣ ਲਈ ਵੱਡੀ ਰਕਮ ਦੇਣੀ ਪੈਂਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ, ਜਿਸ ਕਾਰਨ ਉਹ ਮਹਿੰਗੇ ਕਿਰਾਏ 'ਤੇ ਮਸ਼ੀਨਾਂ ਲੈ ਕੇ ਪਰਾਲੀ ਦਾ ਪ੍ਰਬੰਧਨ ਨਹੀਂ ਕਰ ਸਕਦੇ। ਉਹ ਪਰਾਲੀ ਸਾੜ ਕੇ ਕਣਕ ਦੀ ਬਿਜਾਈ ਲਈ ਖੇਤ ਤਿਆਰ ਕਰਨ ਲਈ ਮਜਬੂਰ ਹਨ, ਕਿਉਂਕਿ ਇਸ ਲਈ ਉਨ੍ਹਾਂ ਕੋਲ ਸਿਰਫ਼ 20 ਦਿਨ ਹਨ।
ਹਰ ਕਿਸਾਨ ਨਹੀਂ ਖ਼ਰੀਦ ਸਕਦਾ ਸਬਸਿਡੀ ਵਾਲੀ ਮਸ਼ਿਨਰੀ
ਦੱਸ ਦਈਏ ਕਿ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਹਰ ਕਿਸਾਨ ਸਬਸਿਡੀ 'ਤੇ ਪਰਾਲੀ ਪ੍ਰਬੰਧਨ ਮਸ਼ੀਨਾਂ ਨਹੀਂ ਖ਼ਰੀਦ ਸਕਦਾ। ਸਰਕਾਰ ਨੂੰ ਸਹਿਕਾਰੀ ਸਭਾਵਾਂ ਅਤੇ ਜ਼ਿਲ੍ਹਾ ਖੇਤੀਬਾੜੀ ਦਫ਼ਤਰਾਂ ਨੂੰ ਪਰਾਲੀ ਦੇ ਪ੍ਰਬੰਧਨ ਲਈ ਲੋੜੀਂਦੀ ਗਿਣਤੀ ਵਿੱਚ ਮਸ਼ੀਨਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ, ਪਰ ਅਜਿਹਾ ਨਹੀਂ ਹੈ। ਮਸ਼ੀਨਾਂ ਘੱਟ ਹਨ ਅਤੇ ਕਿਸਾਨਾਂ ਦੀ ਗਿਣਤੀ ਜ਼ਿਆਦਾ ਹੈ, ਜਿਸ ਦਾ ਪ੍ਰਾਈਵੇਟ ਲੋਕ ਲਾਹਾ ਲੈ ਰਹੇ ਹਨ। ਖੇਤੀ ਦੇ ਖਰਚੇ ਤਾਂ ਪਹਿਲਾਂ ਹੀ ਕਾਫੀ ਜ਼ਿਆਦਾ ਹਨ, ਇਸ ਲਈ ਜੇਕਰ ਕਿਸਾਨ ਮਹਿੰਗਾ ਕਿਰਾਇਆ ਦੇਵੇ ਤਾਂ ਉਸ ਕੋਲ ਕੀ ਬਚੇਗਾ?
ਪਰਾਲੀ ਦੀਆਂ ਗੰਢਾ ਬਣਾਉਣ 'ਚ ਲੱਗਦਾ ਬਹੁਤ ਸਮਾਂ
ਕਿਸਾਨਾਂ ਦਾ ਕਹਿਣਆ ਹੈ ਕਿ ਉਨ੍ਹਾਂ ਕੋਲ ਕਣਕ ਦੀ ਬਿਜਾਈ ਕਰਨ ਲਈ 25 ਅਕਤੂਬਰ ਤੋਂ 15 ਨਵੰਬਰ ਤੱਕ ਦਾ ਸਮਾਂ ਹੈ। ਇਸ ਸਮੇਂ ਦੌਰਾਨ, ਪੂਰੇ ਖੇਤ ਦੀ ਸਫਾਈ ਤੋਂ ਲੈ ਕੇ ਜ਼ਮੀਨ ਵਿੱਚ ਬੀਜ ਬੀਜਣ ਤੱਕ ਦਾ ਕੰਮ ਹੁੰਦਾ ਹੈ। ਅਜਿਹੇ 'ਚ ਕਿਸਾਨ ਹੁਣ ਮਸ਼ੀਨਾਂ ਲੈਣ ਲਈ ਇੰਤਜ਼ਾਰ ਨਹੀਂ ਕਰ ਸਕਦੇ। ਵੈਸੇ ਵੀ ਨਵੀਆਂ ਖੇਤੀ ਮਸ਼ੀਨਾਂ ਨਾਲ ਕਣਕ ਦੀ ਬਿਜਾਈ ਲਈ ਖੇਤ ਤਿਆਰ ਕਰਨ ਵਿੱਚ ਸਮਾਂ ਲੱਗਦਾ ਹੈ। ਪਹਿਲਾਂ ਪੈਡੀ ਹੈਲੀਕਾਪਟਰ ਨਾਲ ਪਰਾਲੀ ਨੂੰ ਕੱਟਣ, ਫਿਰ ਇਸ ਨੂੰ ਇਕੱਠਾ ਕਰਕੇ ਗੰਢਾਂ ਬਣਾਉਣ ਵਿੱਚ ਬਹੁਤ ਸਮਾਂ ਲੱਗਦਾ ਹੈ। ਇਸ ਲਈ ਕਿਸਾਨ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹਨ।