Punjab News: ਮੋਗਾ ਦੇ ਪਿੰਡ ਡਗਰੂ ਨੇੜੇ ਫ਼ਿਰੋਜ਼ਪੁਰ ਵੱਲ ਜਾ ਰਹੇ ਇੱਕ ਤੋਂ ਬਾਅਦ ਇੱਕ ਬਾਸਮਤੀ ਝੋਨੇ ਨਾਲ ਭਰੇ 5 ਟਰੱਕਾਂ ਨੂੰ ਕਿਸਾਨਾਂ ਨੇ ਘੇਰ ਲਿਆ, ਜਿਸ ਤੋਂ ਬਾਅਦ ਕਿਸਾਨਾਂ ਨੇ ਟਰੱਕਾਂ ਨੂੰ ਅੱਗੇ ਨਹੀਂ ਵਧਣ ਦਿੱਤਾ।
ਕਿਸਾਨਾਂ ਨੇ ਫੂਡ ਸਪਲਾਈ ਵਿਭਾਗ ਅਤੇ ਮਾਰਕੀਟ ਕਮੇਟੀ ਨੂੰ ਮੌਕੇ 'ਤੇ ਬੁਲਾਇਆ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਦੇ ਬਿੱਲ ਅਤੇ ਕਾਗ਼ਜ਼ ਚੈੱਕ ਕੀਤੇ | ਇੰਨਾ ਹੀ ਨਹੀਂ ਉਨ੍ਹਾਂ ਟਰੱਕਾਂ ਵਿੱਚ ਲੱਦੇ ਮਾਲ ਦੀ ਵੀ ਜਾਂਚ ਕੀਤੀ ਤਾਂ ਸਾਰੀ ਫ਼ਸਲ ਬਾਸਮਤੀ ਦੀ ਪਾਈ ਗਈ। ਖੁਰਾਕ ਸਪਲਾਈ ਵਿਭਾਗ ਅਨੁਸਾਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ 'ਤੇ ਬਾਸਮਤੀ ਦੀ ਫ਼ਸਲ ਨਹੀਂ ਖਰੀਦਦੀ, ਇਸ ਲਈ ਖ਼ਰੀਦਦਾਰ ਇਸ ਨੂੰ ਮਾਰਕੀਟ ਫੀਸ ਅਦਾ ਕਰਕੇ ਕਿਤੇ ਵੀ ਖ਼ਰੀਦ ਸਕਦਾ ਹੈ।
ਟਰੱਕਾਂ ਨੂੰ ਪੁਲਿਸ ਹਵਾਲੇ ਕੀਤਾ
ਉਨ੍ਹਾਂ ਦਾ ਕਹਿਣਾ ਹੈ ਕਿ ਜੇ ਝੋਨੇ ਦੀ ਫ਼ਸਲ ਹੁੰਦੀ ਤਾਂ ਮਾਮਲਾ ਦਰਜ ਹੋ ਸਕਦਾ ਸੀ। ਇਸ ਮਾਮਲੇ ਵਿੱਚ ਮਾਰਕੀਟ ਕਮੇਟੀ ਦਾ ਕਹਿਣਾ ਹੈ ਕਿ ਦੋ ਟਰੱਕਾਂ ਦੇ ਆਨਲਾਈਨ ਟੋਕਨ ਨੰਬਰ ਹਨ ਜਦੋਂਕਿ ਬਾਕੀ ਟਰੱਕ ਜੋ ਪੰਜਾਬ ਤੋਂ ਹੀ ਆਏ ਹਨ, ਉਨ੍ਹਾਂ ਬਾਰੇ ਮਾਰਕੀਟ ਕਮੇਟੀ ਫਗਵਾੜਾ ਨੂੰ ਪੱਤਰ ਲਿਖੇਗੀ। ਅਤੇ ਉਦੋਂ ਤੱਕ ਟਰੱਕ ਨੂੰ ਪੁਲਿਸ ਹਵਾਲੇ ਕੀਤਾ ਜਾ ਰਿਹਾ ਹੈ।
ਜੇ ਇਹ ਫਸਲ ਬਾਹਰਲੇ ਰਾਜਾਂ ਤੋਂ ਆਵੇਗੀ ਤਾਂ ਉਨ੍ਹਾਂ ਦੀ ਫਸਲ ਕਿਵੇਂ ਵਿਕੇਗੀ
ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਫ਼ਸਲ ਨਹੀਂ ਵਿਕਦੀ ਉਦੋਂ ਤੱਕ ਉਹ ਟਰੱਕਾਂ ਨੂੰ ਨਹੀਂ ਜਾਣ ਦੇਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਯੂਪੀ ਹਰਿਆਣਾ ਤੋਂ ਬਾਸਮਤੀ ਸਸਤੇ 'ਚ ਖ਼ਰੀਦ ਕੇ ਪੰਜਾਬ 'ਚ ਮਹਿੰਗੇ ਭਾਅ ਵੇਚਦੇ ਹਨ, ਅਜਿਹੇ 'ਚ ਜੇ ਇਹ ਫਸਲ ਬਾਹਰਲੇ ਰਾਜਾਂ ਤੋਂ ਆਵੇਗੀ ਤਾਂ ਉਨ੍ਹਾਂ ਦੀ ਫਸਲ ਕਿਵੇਂ ਵਿਕੇਗੀ
ਟਰੱਕਾਂ ਨੂੰ ਉਦੋਂ ਤੱਕ ਨਹੀਂ ਜਾਣ ਦਿੱਤਾ ਜਾਵੇਗਾ ਜਦੋਂ ਤੱਕ..
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਲ ਦੇ ਦਸਤਾਵੇਜ਼ ਵੀ ਜਾਅਲੀ ਜਾਪਦੇ ਹਨ ਅਤੇ ਮਾਰਕੀਟ ਕਮੇਟੀ ਦੀ ਫੀਸ ਵੀ ਹੱਥਾਂ ਦੀ ਪਰਚੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟਰੱਕਾਂ ਨੂੰ ਪੁਲਿਸ ਹਵਾਲੇ ਕੀਤਾ ਜਾ ਰਿਹਾ ਹੈ। ਇਨ੍ਹਾਂ ਟਰੱਕਾਂ ਨੂੰ ਉਦੋਂ ਤੱਕ ਨਹੀਂ ਜਾਣ ਦਿੱਤਾ ਜਾਵੇਗਾ ਜਦੋਂ ਤੱਕ ਉਨ੍ਹਾਂ ਦੀ ਫਸਲ ਨਹੀਂ ਵੇਚੀ ਜਾਂਦੀ।