ਨਵੀਂ ਦਿੱਲੀ: ਭਾਰਤ ਕਿਸਾਨ ਸਿੱਧੂਪੁਰਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਜਦੋਂ ਤੱਕ MSP ਨਹੀਂ ਮਿਲਦੀ ਤੇ ਸਾਡੇ ਤੇ ਦਰਜ ਕੇਸ ਵਾਪਸ ਨਹੀਂ ਹੁੰਦੇ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪੀਐਮ ਨਰਿੰਦਰ ਮੋਦੀ ਨੇ 2011 ਵਿੱਚ MSP ਲਾਗੂ ਕਰਨ ਦੀ ਸਿਫਾਰਸ਼ ਕੀਤੀ ਸੀ। ਮੋਦੀ ਓਦੋਂ ਗ਼ਲਤ ਸੀ ਜਾਂ ਅੱਜ ਗ਼ਲਤ ਹੈ। ਇਸ ਬਾਰੇ ਸਪਸ਼ਟ ਕੀਤਾ ਜਾਵੇ।


ਡੱਲੇਵਾਲ ਨੇ ਕਿਹਾ ਕਿ ਜੋ ਮੋਦੀ ਨੇ ਰਿਪੋਰਟ ਤਿਆਰ ਕੀਤੀ ਸੀ, ਬੱਸ ਉਸ ਨੂੰ ਲਾਗੂ ਕਰ ਦੇਵੇ। ਉਨ੍ਹਾਂ ਨੇ ਕਿਹਾ ਕਿ ਕੇਂਦਰ ਤੋਂ ਬਾਅਦ ਪੰਜਾਬ ਸਰਕਾਰ ਤਿਆਰ ਰਹੇ। ਅਸੀਂ ਕਰਜ਼ ਪੰਜਾਬ ਸਰਕਾਰ ਤੋਂ ਮਾਫ ਕਰਵਾਉਣਾ ਹੈ, ਉਹ ਪੈਸੇ ਦਾ ਇੰਤਜ਼ਾਮ ਜਿੱਥੋਂ ਮਰਜ਼ੀ ਕਰੇ। ਕਰਜ਼ ਮਾਫ਼ੀ ਦਾ ਵਾਅਦਾ ਪੰਜਾਬ ਨੇ ਕੀਤਾ ਸੀ, ਪੰਜਾਬ ਹੀ ਇਸ ਨੂੰ ਪੂਰਾ ਕਰੇ।


ਦੱਸ ਦਈਏ ਕਿ ਕਿਸਾਨ ਅੰਦੋਲਨ ਦੀ ਅਗਲੀ ਰੂਪ-ਰੇਖਾ ਬਾਰੇ ਕੱਲ੍ਹ ਮੀਟਿੰਗ ਵਿੱਚ ਫੈਸਲਾ ਹੋਣਾ ਹੈ ਪਰ ਕਿਸਾਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਅੰਦੋਲਨ ਓਨਾ ਚਿਰ ਜਾਰੀ ਰਹੇਗਾ ਜਿੰਨਾ ਚਿਰ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨਹੀਂ ਮੰਨੀਆ ਜਾਂਦੀਆਂ। ਇਸ ਤੋਂ ਇਲਾਵਾ ਕਿਸਾਨਾਂ ਨੇ ਕਿਹਾ ਹੈ ਕਿ ਹੁਣ ਪੰਜਾਬ ਸਰਕਾਰ ਖਿਲਾਫ ਵੀ ਮੋਰਚਾ ਖੋਲ੍ਹਿਆ ਜਾਵੇਗਾ।


ਖੇਤੀ ਕਾਨੂੰਨਾਂ ਦੀ ਵਾਪਸੀ ਮਗਰੋਂ ਕਿਸਾਨ ਅਗਲੀ ਰਣਨੀਤੀ ਦਾ ਐਲਾਨ ਕਰਨਗੇ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਕੇਂਦਰ ਕੋਲ ਸਾਡੀਆਂ ਬਕਾਇਆ ਮੰਗਾਂ ਦਾ ਜਵਾਬ ਦੇਣ ਲਈ ਅੱਜ ਤੱਕ ਦਾ ਸਮਾਂ ਹੈ। ਅਸੀਂ ਭਵਿੱਖੀ ਰਣਨੀਤੀ ਘੜਨ ਲਈ ਸੰਯੁਕਤ ਕਿਸਾਨ ਮੋਰਚੇ ਦੀ ਬੁੱਧਵਾਰ ਨੂੰ ਹੰਗਾਮੀ ਮੀਟਿੰਗ ਸੱਦ ਲਈ ਹੈ। ਇਸ ਵਿੱਚ ਤੈਅ ਹੋਏਗੀ ਕਿ ਅੰਦੋਲਨ ਦਾ ਅਗਲਾ ਰੂਪ ਕੀ ਹੋਏਗਾ।



ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਨੇ ਸੰਸਦ ਵਿੱਚ ਖੇਤੀ ਕਾਨੂੰਨ ਰੱਦ ਕੀਤੇ ਜਾਣ ਨੂੰ ਅੰਦੋਲਨਕਾਰੀ ਕਿਸਾਨਾਂ ਦੀ ਜਿੱਤ ਕਰਾਰ ਦਿੱਤੀ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੀਆਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਸਮੇਤ ਹੋਰ ਮੰਗਾਂ ਬਾਰੇ ਮੰਗਲਵਾਰ ਨੂੰ ਸਰਦ ਰੁੱਤ ਇਜਲਾਸ ’ਚ ਕੋਈ ਫੈਸਲਾ ਲਏ।