Stubble Burning: ਕਿਸਾਨਾਂ ਵੱਲੋਂ ਸਰਕਾਰ ਦੀਆਂ ਅਪੀਲਾਂ ਨੂੰ ਠੁਕਰਾ ਕੇ ਪਰਾਲੀ ਸਾੜੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਦੇ ਦਬਾਅ ਕਰਕੇ ਸਰਕਾਰ ਵੱਲੋਂ ਵੀ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾ ਰਹੀ। ਉਂਝ ਕੁਝ ਥਾਵਾਂ 'ਤੇ ਜੁਰਮਾਨੇ ਜ਼ਰੂਰ ਕੀਤੇ ਗਏ ਹਨ। ਉਧਰ, ਪਰਾਲੀ ਸਾੜਨ ਨਾਲ ਹਵਾ ਪ੍ਰਦੂਸ਼ਣ ਕਾਫੀ ਵਧ ਗਿਆ ਹੈ। ਇਸ ਕਰਕੇ ਅਗਲੇ ਦਿਨਾਂ ਅੰਦਰ ਸਾਹ ਦੀਆਂ ਬਿਮਾਰੀਆਂ ਵਧਣ ਦੀ ਖਦਸ਼ਾ ਹੈ। ਦੂਜੇ ਪਾਸੇ ਸਰਕਾਰੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਪਰਾਲੀ ਸਾੜਨ ਦਾ ਰੁਝਾਨ ਘਟਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਬੁੱਧਵਾਰ ਨੂੰ ਪਰਾਲੀ ਸਾੜਨ ਦੇ ਸਭ ਤੋਂ ਮਾਮਲੇ ਸਾਹਮਣੇ ਆਏ। ਇਹ ਸਾਉਣੀ ਦੇ ਸੀਜ਼ਨ ਦੇ ਸਭ ਤੋਂ ਵੱਧ ਮਾਮਲੇ ਦੱਸੇ ਜਾ ਰਹੇ ਹਨ। ਇੰਝ ਲੱਗਦਾ ਹੈ ਕਿ ਕਿਸਾਨ ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ਜਾਂ ਫਿਰ ਪੰਜਾਬ ਪੱਧਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਕੋਈ ਪ੍ਰਵਾਹ ਨਹੀਂ ਕਰ ਰਹੇ। ਉਂਝ ਹੁਣ ਤੱਕ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਡੇਢ ਲੱਖ ਰੁਪਏ ਦੇ ਕਰੀਬ ਜੁਰਮਾਨਾ ਲਾਇਆ ਜਾ ਚੁੱਕਾ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਰਾਲੀ ਸਾੜਨ ਲਈ ਮਜਬੂਰ ਹਨ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਬੁੱਧਵਾਰ ਨੂੰ ਪਰਾਲੀ ਸਾੜਨ ਦੇ ਸਭ ਤੋਂ ਵੱਧ 63 ਮਾਮਲੇ ਪਟਿਆਲਾ ਜ਼ਿਲ੍ਹੇ ਵਿੱਚ ਦਰਜ ਕੀਤੇ ਗਏ ਜਦਕਿ ਅੰਮ੍ਰਿਤਸਰ ਵਿੱਚ 26 ਮਾਮਲੇ ਦਰਜ ਕੀਤੇ ਗਏ। ਪਹਿਲੀ ਅਕਤੂਬਰ ਤੋਂ ਲੈ ਕੇ 25 ਅਕਤੂਬਰ ਤੱਕ ਦੇ ਵਕਫੇ ਵਿਚਾਲੇ ਪੰਜਾਬ ’ਚ ਬੁੱਧਵਾਰ ਨੂੰ ਪਰਾਲੀ ਸਾੜਨ ਦੇ ਸਭ ਤੋਂ ਵੱਧ ਰਿਕਾਰਡ 360 ਮਾਮਲੇ ਦਰਜ ਕੀਤੇ ਗਏ। ਇਸ ਸਾਉਣੀ ਸੀਜ਼ਨ ਵਿੱਚ ਹੁਣ ਤੱਕ ਪੰਜਾਬ ਵਿੱਚ ਕੁੱਲ 2306 ਘਟਨਾਵਾਂ ਪਰਾਲੀ ਸਾੜਨ ਦੀਆਂ ਰਿਕਾਰਡ ਹੋਈਆਂ ਹਨ।
ਮੰਗਲਵਾਰ ਨੂੰ ਪਰਾਲੀ ਸਾੜਨ ਦੇ ਪੰਜਾਬ ਭਰ ਵਿੱਚ 152 ਮਾਮਲੇ ਦਰਜ ਕੀਤੇ ਗਏ ਜਦਕਿ 22 ਅਕਤੂਬਰ ਨੂੰ ਪਰਾਲੀ ਸਾੜਨ ਦੇ ਸਿਰਫ਼ 30 ਮਾਮਲੇ ਸਾਹਮਣੇ ਆਏ ਸਨ। ਹੁਣ ਤੱਕ ਪੰਜਾਬ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ 174 ਮਾਮਲੇ 20 ਅਕਤੂਬਰ ਨੂੰ ਦਰਜ ਕੀਤੇ ਗਏ ਪਰ ਬੁੱਧਵਾਰ ਨੂੰ ਕਿਸਾਨਾਂ ਨੇ ਸਾਰੇ ਰਿਕਾਰਡ ਤੋੜਦਿਆਂ 360 ਥਾਈਂ ਪਰਾਲੀ ਸਾੜੀ।
ਹਾਸਲ ਜਾਣਕਾਰੀ ਮੁਤਾਬਕ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ 39, ਫ਼ਿਰੋਜਪੁਰ ਵਿੱਚ 37, ਗੁਰਦਾਸਪੁਰ ਵਿੱਚ 17, ਲੁਧਿਆਣਾ ਵਿੱਚ 42, ਮਾਨਸਾ ਵਿੱਚ 20, ਐਸਏਐਸ ਨਗਰ (ਮੁਹਾਲੀ) ਵਿੱਚ 15, ਸੰਗਰੂਰ ਵਿੱਚ 25, ਤਰਨ ਤਾਰਨ ਵਿੱਚ 35 ਘਟਨਾਵਾਂ ਦਰਜ ਕੀਤੀਆਂ ਗਈਆਂ ਜਦ ਕਿ ਕਈ ਜ਼ਿਲ੍ਹਿਆਂ ਵਿੱਚ ਮਾਮੂਲੀ ਘਟਨਾਵਾਂ ਵਾਪਰੀਆਂ ਹਨ।