ਅੰਮ੍ਰਿਤਸਰ: ਖੇਤੀ ਕਾਨੂੰਨਾਂ ਖਿਲਾਫ ਪਿਛਲੇ ਚਾਰ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨ ਆਗੂ ਇਸ ਵਿਚਾਲੇ ਆਉਣ ਵਾਲੇ ਤਿਉਹਾਰਾਂ ਮੌਕੇ ਇਨਾਂ ਤਿਉਹਾਰਾਂ ਨੂੰ ਨਿਵੇਕਲੇ ਤੇ ਪ੍ਰਦਰਸ਼ਨ ਰੂਪੀ ਢੰਗ ਨਾਲ ਮਨਾ ਕੇ ਖੇਤੀ ਕਾਨੂੰਨਾਂ ਖਿਲਾਫ ਆਪਣੇ ਪ੍ਰਦਰਸ਼ਨ ਦਰਜ ਕਰਵਾਉਂਦੇ ਆ ਰਹੇ ਹਨ। ਕਿਸਾਨਾਂ ਵੱਲੋਂ ਇਸ ਵਾਰ ਲੋਹੜੀ ਦੇ ਤਿਉਹਾਰ ਮੌਕੇ ਘਰਾਂ, ਮੁਹੱਲਿਆਂ ਤੇ ਸੱਥਾਂ 'ਚ ਬਾਲੇ ਜਾਣ ਵਾਲੇ ਭੁੱਗੇ 'ਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦਾ ਸੱਦਾ ਦਿੱਤਾ ਹੈ।


ਇਸ ਦੀ ਸ਼ੁਰੂਆਤ ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਪਿੰਡ ਚੱਬਾ ਸਥਿਤ ਹੈਡਕੁਆਟਰ ਤੋਂ ਕਰ ਦਿੱਤੀ ਹੈ, ਜਿੱਥੇ ਅੱਜ ਕੋਰ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ 'ਚ ਭੁੱਗਾ ਬਾਲ ਕੇ ਲੋਹੜੀ ਮੌਕੇ ਤਿੰਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਤੇ ਨਾਲ ਹੀ ਸਮੁੱਚੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਲੋਹੜੀ 'ਤੇ ਇਸ ਵਾਰ 13 ਕਰੋੜ ਕਾਪੀਆਂ (ਖੇਤੀ ਕਾਨੂੰਨਾਂ) ਸਾੜੀਆਂ ਜਾਣ।


ਆਮ ਤੌਰ ਤੇ ਪੰਜਾਬ 'ਚ ਲੋਹੜੀ ਦੇ ਤਿਉਹਾਰ ਸਬੰਧੀ ਭੁੱਗੇ ਬਾਲਣੇ ਤਿੰਨ ਚਾਰ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਪਹਿਲਾਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਜਿੱਥੇ ਦੁਸਹਿਰੇ ਤੇ ਅਡਾਨੀ ਅੰਬਾਨੀ ਦੇ ਪੁਤਲੇ ਸਾੜੇ ਗਏ, ਉਥੇ ਹੀ ਦੀਵਾਲੀ ਤਿਉਹਾਰ ਨੂੰ ਕਾਲੀ ਦੀਵਾਲੀ ਵਜੋਂ ਮਨਾਇਆ ਗਿਆ ਸੀ।


ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਉਸ ਵੇਲੇ ਤਕ ਜਾਰੀ ਰਹੇਗਾ, ਜਦ ਤਕ ਤਿੰਨੇ ਖੇਤੀ ਕਾਨੂੰਨ ਰੱਦ ਨਹੀ ਹੋ ਜਾਂਦੇ ਤੇ ਇਸ ਅੰਦੋਲਨ ਦੌਰਾਨ ਆਉਣ ਵਾਲੇ ਹਰ ਤਿਉਹਾਰ ਨੂੰ ਕਿਸਾਨ ਰੋਸ ਪ੍ਰਦਰਸ਼ਨ ਕਰਕੇ ਮਨਾਉਣਗੇ ਤੇ ਅਸਲੀ ਤਿਉਹਾਰ ਉਦੋਂ ਹੀ ਮਨਾਏ ਜਾਣਗੇ ਜਦ ਇਹ ਖੇਤੀ ਕਾਨੂੰਨ ਰੱਦ ਹੋਣਗੇ।


ਉਸ ਵੇਲੇ ਤਕ ਅੰਦੋਲਨ ਜਾਰੀ ਰਹੇਗਾ ਨਾਲ ਹੀ ਪੰਧੇਰ ਤੇ ਬਾਕੀ ਆਗੂਆਂ ਨੇ ਐਲਾਨ ਕੀਤਾ ਕਿ ਲੋਹੜੀ ਤੋਂ ਬਾਅਦ ਦਿੱਲੀ 'ਚ ਹੋਣ ਵਾਲੇ ਟਰੈਕਟਰ ਮਾਰਚ ਦੀ ਜੰਗੀ ਪੱਧਰ 'ਤੇ ਤਿਆਰੀ ਕੀਤੀ ਜਾਵੇਗੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ