Wrestlers Protest: ਪਹਿਲਵਾਨਾਂ ਦਾ ਸੰਘਰਸ਼ ਵਿਸ਼ਾਲ ਰੂਪ ਧਾਰ ਗਿਆ ਹੈ ਜਿਸ ਨਾਲ ਕੇਂਦਰ ਦੇ ਨਾਲ ਹੀ ਹਰਿਆਣਾ ਸਰਕਾਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਅੱਜ ਪੰਜਾਬ ਵਿੱਚੋਂ ਕਿਸਾਨ ਬੀਬੀਆਂ ਦਾ ਵੱਡਾ ਜਥਾ ਦਿੱਲੀ ਪਹੁੰਚ ਗਿਆ ਹੈ। ਰਾਜਧਾਨੀ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਇੱਕ ਵਾਰ ਫਿਰ ਕਿਸਾਨ ਤੇ ਦਿੱਲੀ ਪੁਲਿਸ ਆਹਮੋ-ਸਾਹਮਣੇ ਹੋ ਗਏ। ਦਿੱਲੀ ਪੁਲਿਸ ਨੇ ਕਿਸਾਨਾਂ ਦੇ ਵਾਹਨਾਂ ਦੇ ਨੰਬਰ ਨੋਟ ਕਰਕੇ ਕਿਸਾਨਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਕਿਸਾਨਾਂ ਤੇ ਪੁਲਿਸ ਵਿਚਾਲੇ ਆਹਮੋ-ਸਾਹਮਣੇ ਹੋਣ ਕਾਰਨ ਕਾਫੀ ਦੇਰ ਤਕ ਤਣਾਅ ਵਾਲੀ ਸਥਿਤੀ ਬਣੀ ਰਹੀ।
ਦਿੱਲੀ ਪੁਲਿਸ ਨੇ ਟਿੱਕਰੀ ਬਾਰਡਰ 'ਤੇ ਮਹਿਲਾ ਪਹਿਲਵਾਨਾਂ ਦੇ ਸਮਰਥਨ 'ਚ ਜੰਤਰ-ਮੰਤਰ ਲਈ ਨਿਕਲੇ ਕਿਸਾਨਾਂ ਦੇ ਜਥੇ ਨੂੰ ਰੋਕ ਲਿਆ ਪਰ ਮਹਿਲਾ ਕਿਸਾਨ ਦਿੱਲੀ ਪੁਲਿਸ ਦੀਆਂ ਰੋਕਾਂ ਨੂੰ ਤੋੜ ਕੇ ਪੈਦਲ ਹੀ ਅੱਗੇ ਵਧ ਗਈਆਂ। ਮਹਿਲਾ ਕਿਸਾਨਾਂ ਨੇ ਐਮਸੀਡੀ ਦੇ ਵਪਾਰਕ ਟੋਲ ਪਲਾਜ਼ਾ 'ਤੇ ਜਾ ਕੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਰੋਡ ਜਾਮ ਕਰ ਦਿੱਤਾ। ਇਸ ਤੋਂ ਬਾਅਦ ਦਿੱਲੀ ਪੁਲਿਸ ਦੇ ਹੱਥ-ਪੈਰ ਫੁੱਲ ਗਏ ਤੇ ਕਾਹਲੀ ਵਿੱਚ ਮਹਿਲਾ ਕਿਸਾਨਾਂ ਦੇ ਜਥੇ ਨੂੰ ਅੱਗੇ ਜਾਣ ਦੀ ਇਜਾਜ਼ਤ ਦੇ ਦਿੱਤੀ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਦਿੱਲੀ ਦੇ ਜੰਤਰ-ਮੰਤਰ ਤੱਕ ਡੇਢ ਦਰਜਨ ਦੇ ਕਰੀਬ ਬੱਸਾਂ ਵਿੱਚ ਸੈਂਕੜੇ ਮਹਿਲਾ ਕਿਸਾਨ ਪਹੁੰਚੀਆਂ ਹਨ। ਕਿਸਾਨ ਆਪਣੇ ਨਾਲ ਖਾਣ-ਪੀਣ ਦੀ ਸਮੱਗਰੀ ਵੀ ਲੈ ਕੇ ਪਹੁੰਚੋ ਹਨ। ਮਹਿਲਾ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਨੂੰ ਤੁਰੰਤ ਗ੍ਰਿਫ਼ਤਾਰ ਕਰੇ।
ਉਨ੍ਹਾਂ ਕਿਹਾ ਕਿ ਮਹਿਲਾ ਪਹਿਲਵਾਨ ਲਗਾਤਾਰ ਵਿਰੋਧ ਕਰ ਰਹੀਆਂ ਹਨ ਤੇ ਸਟੇਜ ਤੋਂ ਦੱਸ ਰਹੀਆਂ ਹਨ ਕਿ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਹੋਇਆ ਹੈ। ਅਜਿਹੇ 'ਚ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਔਰਤਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਹ ਉੱਥੇ ਹੀ ਧਰਨਾ ਲਾ ਦੇਣਗੀਆਂ। ਫਿਲਹਾਲ ਉਹ ਇੱਕ ਦਿਨ ਦੇ ਪ੍ਰਦਰਸ਼ਨ ਲਈ ਦਿੱਲੀ ਆਈਆਂ ਹਨ।
ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਨਾਲ ਜੁੜੀਆਂ ਸੈਂਕੜੇ ਔਰਤਾਂ ਕੱਲ੍ਹ ਪੰਜਾਬ ਤੋਂ ਦਿੱਲੀ ਲਈ ਰਵਾਨਾ ਹੋਈਆਂ ਸਨ। ਔਰਤਾਂ ਦਾ ਪਹਿਲਾ ਸਟਾਪ ਜੀਂਦ 'ਚ ਸੀ ਤੇ ਅੱਜ ਦਾ ਵੱਡਾ ਸਟਾਪ ਜੰਤਰ-ਮੰਤਰ 'ਤੇ ਹੋਣ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੰਗਠਨ ਦੇ ਮੁਖੀ ਜੋਗਿੰਦਰ ਸਿੰਘ ਉਗਰਾਹਾਂ ਵੀ ਔਰਤਾਂ ਸਮੇਤ ਜੰਤਰ-ਮੰਤਰ ਪਹੁੰਚ ਰਹੇ ਹਨ।
ਇਸ ਦੌਰਾਨ ਜੋਗਿੰਦਰ ਉਗਰਾਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਾਂਚ ਦੀ ਕੋਈ ਲੋੜ ਨਹੀਂ। ਜਦੋਂ ਧੀਆਂ ਦਿਲੋਂ ਕਹਿ ਰਹੀਆਂ ਹਨ ਕਿ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਹੋਇਆ ਹੈ ਤਾਂ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਬ੍ਰਿਜ ਭੂਸ਼ਣ ਸ਼ਰਨ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਜੇਕਰ ਸਰਕਾਰ ਨੇ ਬ੍ਰਿਜ ਭੂਸ਼ਣ ਸ਼ਰਨ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਤਾਂ ਉਹ ਵੱਡਾ ਅੰਦੋਲਨ ਵਿੱਢਣਗੇ।
ਇੰਨਾ ਹੀ ਨਹੀਂ ਸੰਯੁਕਤ ਕਿਸਾਨ ਮੋਰਚਾ ਨੇ 11 ਮਈ ਤੋਂ 18 ਮਈ ਤੱਕ ਦੇਸ਼ ਭਰ ਵਿੱਚ ਮਹਿਲਾ ਪਹਿਲਵਾਨਾਂ ਦੇ ਸਮਰਥਨ ਵਿੱਚ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਹੈ। ਇਸ ਦੇ ਨਾਲ ਹੀ ਅੱਜ ਹਰਿਆਣਾ ਦੀਆਂ ਖਾਪ ਪੰਚਾਇਤਾਂ ਦਿੱਲੀ ਮਹਾਂ ਪੰਚਾਇਤ ਕਰਵਾਉਣ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਵੱਡੀ ਗਿਣਤੀ 'ਚ ਪੁਲਿਸ ਤੇ ਸੀਆਰਪੀਐਫ ਦੇ ਜਵਾਨ ਤਾਇਨਾਤ ਕੀਤੇ ਗਏ ਹਨ।