ਚੰਡੀਗੜ੍ਹ: ਕਿਸਾਨ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਖਿਲਾਫ ਡਟ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਇਲਜ਼ਾਮ ਲਾਇਆ ਹੈ ਕਿ ਅਕਾਲੀ ਦਲ ਬਾਦਲ ਦਿੱਲੀ ਸਰਹੱਦ 'ਤੇ ਚੱਲ ਰਹੇ ਸੰਯੁਕਤ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਜੇਵਾਲ ਨੇ ਕਿਹਾ ਕਿ ਅਕਾਲੀ ਆਗੂ ਬਿਨਾਂ ਕਿਸੇ ਸਬੂਤ ਦੇ ਸੰਯੁਕਤ ਕਿਸਾਨ ਮੋਰਚੇ 'ਤੇ ਦੋਸ਼ ਲਗਾ ਰਹੇ ਹਨ।



ਰਾਜੇਵਾਲ ਨੇ ਕਿਹਾ ਹੈ ਕਿ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਅਕਾਲੀ ਨੇਤਾਵਾਂ ਦਾ ਇਹ ਦਾਅਵਾ ਕਰਨਾ ਕਿ ਸੰਯੁਕਤ ਕਿਸਾਨ ਮੋਰਚੇ ਨੇ 16 ਸਤੰਬਰ ਦੀਆਂ ਘਟਨਾਵਾਂ 'ਤੇ ਕੁਝ ਨਹੀਂ ਕੀਤਾ, ਬਿਲਕੁਲ ਗਲਤ ਹੈ। ਮੋਰਚੇ ਨੇ ਮੀਟਿੰਗ ਕਰਕੇ ਇਸ ਮੁੱਦੇ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਆਗੂਆਂ ਨੇ ਇਹ ਨਹੀਂ ਦੱਸਿਆ ਕਿ ਦਿੱਲੀ ਤੋਂ ਵਾਪਸੀ 'ਤੇ ਕਿੰਨੇ ਲੋਕ ਟੈਂਟਾਂ ਵਿੱਚ ਆਰਾਮ ਕਰਨ ਤੋਂ ਬਾਅਦ ਆਏ ਸਨ। ਰਾਜੇਵਾਲ ਨੇ ਕਿਹਾ ਕਿ ਮੋਰਚੇ 'ਤੇ ਡਟੇ ਕਿਸਾਨਾਂ ਨੂੰ ਨਸ਼ੇੜੀ ਕਿਹਾ ਜਾ ਰਿਹਾ ਹੈ ਤੇ ਸਾਡੇ ਕੋਲ ਉਨ੍ਹਾਂ ਦੇ ਵਰਕਰਾਂ ਦੇ ਵਾਹਨਾਂ ਤੋਂ ਮਿਲੀ ਸ਼ਰਾਬ ਦੀ ਵੀਡੀਓ ਵੀ ਹੈ।

ਜੇ ਅਕਾਲੀ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਇਸ ਵਿੱਚ ਮੋਰਚੇ ਦੇ ਆਗੂਆਂ ਦਾ ਕਸੂਰ ਨਹੀਂ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਾਰਜਕਾਲ ਦੌਰਾਨ ਬੇਅਦਬੀ, ਡੇਰਾ ਸਿਰਸਾ ਮੁਖੀ ਤੋਂ ਮੁਆਫੀ ਤੇ ਖੇਤੀਬਾੜੀ ਕਾਨੂੰਨਾਂ ਪ੍ਰਤੀ ਦੋਹਰੇ ਸਟੈਂਡ ਕਾਰਨ ਅਕਾਲੀਆਂ ਦਾ ਵਿਰੋਧ ਹੋ ਰਿਹਾ ਹੈ। ਕਿਸਾਨ ਮੋਰਚੇ ਨੇ ਕਦੇ ਵੀ ਕਿਸੇ ਸਿਆਸੀ ਪਾਰਟੀ ਦੀ ਜਨਤਕ ਮੀਟਿੰਗ ਦਾ ਵਿਰੋਧ ਕਰਨ ਦੀਆਂ ਹਦਾਇਤਾਂ ਨਹੀਂ ਦਿੱਤੀਆਂ ਹਨ। ਪਿੰਡਾਂ ਦੇ ਲੋਕ ਖੁਦ ਸਿਆਸਤਦਾਨਾਂ ਦਾ ਵਿਰੋਧ ਕਰ ਰਹੇ ਹਨ।

ਅਕਾਲੀ ਦਲ ਨੇ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਾਏ
ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸੋਮਵਾਰ ਨੂੰ ਚੰਡੀਗੜ੍ਹ ਦਫਤਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਸੀ ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ 17 ਸਤੰਬਰ ਨੂੰ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈ ਕੇ ਪਰਤ ਰਹੇ ਪਾਰਟੀ ਵਰਕਰਾਂ ਨੂੰ ਟਿਕਰੀ ਤੇ ਸਿੰਘੂ ਸਰਹੱਦ ਤੇ ਰੋਕ ਕੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ ਸੀ। ਵਰਕਰਾਂ ਦੇ ਕੁੜਤਿਆਂ ਦੀ ਜੇਬਾਂ 'ਤੇ ਲਿਖਿਆ ਸੀ ਕਿ ਬਾਦਲ ਚੋਰ ਮੁਰਦਾਬਾਦ, ਇੰਨਾ ਹੀ ਨਹੀਂ ਉਨ੍ਹਾਂ ਦੇ ਕਕਾਰਾਂ ਦੀ ਬੇਅਦਬੀ ਕੀਤੀ ਗਈ। ਇਥੋਂ ਤਕ ਕਿ ਪੱਗਾਂ ਵੀ ਉਤਾਰੀਆਂ ਗਈਆਂ ਸਨ।

ਅਕਾਲੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਲਈ ਦਿਨ ਰਾਤ ਮਿਹਨਤ ਕੀਤੀ। ਜਿਨ੍ਹਾਂ ਲੋਕਾਂ ਨੇ ਮੋਰਚੇ ਵਿੱਚ ਲੰਗਰ ਲਾ ਕੇ ਉਥੇ ਸੇਵਾ ਕੀਤੀ, ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਕਈ ਦਿਨ ਬੀਤ ਜਾਣ ਦੇ ਬਾਅਦ ਵੀ ਮੋਰਚੇ ਨੇ ਇਸ ਬਾਰੇ ਕੋਈ ਸਟੈਂਡ ਨਹੀਂ ਲਿਆ।

ਦਰਅਸਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ 100 ਦਿਨ 100 ਵਿਧਾਨ ਸਭਾ ਹਲਕੇ, ਗਾਲ ਪੰਜਾਬ ਦੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਸੁਖਬੀਰ ਵੱਖ -ਵੱਖ ਖੇਤਰਾਂ ਵਿੱਚ ਜਾ ਕੇ ਜਨਤਕ ਮੀਟਿੰਗਾਂ ਕਰ ਰਹੇ ਸਨ। ਕਿਸਾਨ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ ਸੀ ਤੇ ਸੁਖਬੀਰ ਬਾਦਲ ਨੂੰ ਇਸ ਨੂੰ ਤੁਰੰਤ ਰੋਕਣ ਦੀ ਸਲਾਹ ਦਿੱਤੀ ਸੀ।

ਹੁਣ ਇਹ ਪ੍ਰੋਗਰਾਮ ਵੀ ਬੰਦ ਕਰ ਦਿੱਤਾ ਗਿਆ ਹੈ। ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕਰਕੇ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਬਹਿ ਕੇ ਗੱਲਬਾਤ ਕਰਨ ਦੀ ਗੱਲ ਕੀਤੀ ਸੀ ਤੇ ਚਿੱਠੀ ਵੀ ਲਿਖੀ ਸੀ। ਚੰਡੀਗੜ੍ਹ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਵੀ ਕੀਤੀ ਗਈ। ਇਸ ਦੌਰਾਨ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਿਆਸੀ ਸਮਾਗਮਾਂ ਦਾ ਆਯੋਜਨ ਬੰਦ ਕਰਨ ਲਈ ਕਿਹਾ ਗਿਆ ਸੀ।


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ